ਬੀ. ਆਰ. ਟੀ. ਐੱਸ. ਬੱਸ ਸ਼ੁਰੂ ਤੇ 33 ਕਰੋੜ ਦਾ ਸਿਟੀ ਬੱਸ ਪ੍ਰਾਜੈਕਟ ਬੰਦ  (ਦੇਖੋ ਤਸਵੀਰਾਂ)

Monday, Aug 21, 2017 - 11:16 AM (IST)

ਬੀ. ਆਰ. ਟੀ. ਐੱਸ. ਬੱਸ ਸ਼ੁਰੂ ਤੇ 33 ਕਰੋੜ ਦਾ ਸਿਟੀ ਬੱਸ ਪ੍ਰਾਜੈਕਟ ਬੰਦ  (ਦੇਖੋ ਤਸਵੀਰਾਂ)

ਅੰਮ੍ਰਿਤਸਰ (ਰਮਨ) - ਗੁਰੂ ਕੀ ਨਗਰੀ 'ਚ ਸਿਟੀ ਬੱਸ ਯੋਜਨਾ ਤਹਿਤ 33 ਕਰੋੜ ਦੇ ਪ੍ਰਾਜੈਕਟ 'ਚ 150 ਬੱਸਾਂ ਸ਼ਹਿਰ ਨੂੰ ਆਉਣੀਆਂ ਸਨ। ਜਲੰਧਰ ਦੀ ਤਰਜ਼ 'ਤੇ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸਪੈਸ਼ਲ ਸਿਟੀ ਬੱਸ ਚੱਲਣੀ ਸੀ ਪਰ 60 ਦੇ ਕਰੀਬ ਹੀ ਬੱਸਾਂ ਸ਼ਹਿਰ ਵਿਚ ਚੱਲ ਕੇ ਬੰਦ ਹੋ ਗਈਆਂ ਹਨ। ਇਨ੍ਹਾਂ ਬੱਸਾਂ ਨੂੰ ਕਰਨਾਟਕਾ ਦੀ ਕੰਪਨੀ ਚਲਾ ਰਹੀ ਸੀ, ਜੋ ਕਿ ਘਾਟੇ ਕਾਰਨ ਭੱਜ ਗਈ, ਹਾਲਾਂਕਿ ਇਸ ਬੱਸ ਨੂੰ ਚਲਾਉਣ ਲਈ ਉਕਤ ਕੰਪਨੀ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਬੱਸਾਂ 'ਤੇ ਇਸ਼ਤਿਹਾਰ ਆਦਿ ਵੀ ਸ਼ੁਰੂ ਕੀਤੇ ਪਰ ਬੱਸ ਵੱਲੋਂ ਸਟਾਫ ਦੇ ਖਰਚੇ ਵੀ ਨਹੀਂ ਨਿਕਲ ਰਹੇ ਸਨ, ਜਿਸ ਕਾਰਨ 60 ਦੇ ਕਰੀਬ ਬੱਸਾਂ ਬੰਦ ਹੋ ਕੇ ਮਾਲ ਮੰਡੀ ਸਿਟੀ ਬੱਸ ਸਟੈਂਡ ਵਿਚ ਕਬਾੜ ਦਾ ਰੂਪ ਧਾਰਨ ਕਰ ਰਹੀਆਂ ਹਨ। 150 ਬੱਸਾਂ ਵਿਚ ਨਗਰ ਨਿਗਮ ਆਪਣਾ ਸ਼ੇਅਰ ਨਹੀਂ ਪਾ ਸਕੀ।

PunjabKesari
ਸ਼ਹਿਰ ਵਿਚ ਸਿਟੀ ਬੱਸ ਬੰਦ ਹੋ ਗਈ ਹੈ ਪਰ ਅਸ਼ੋਕਾ ਲੇਲੈਂਡ ਕੰਪਨੀ ਨੇ ਡੇਢ ਕਰੋੜ ਰੁਪਇਆ ਲੈਣਾ ਹੈ। ਸਿਟੀ ਬੱਸ ਦਾ ਸਾਰਾ ਖਰਚਾ ਕੰਪਨੀ ਆਪਣੇ-ਆਪ ਕਰਦੀ ਸੀ ਤੇ ਇਕ ਬੱਸ ਦੀ ਇੰਸ਼ੋਰੈਂਸ 35 ਹਜ਼ਾਰ ਦੇ ਕਰੀਬ ਅਤੇ ਸਵਾਰੀਆਂ ਵੱਲੋਂ ਕਿਰਾਇਆ 5 ਤੋਂ 10 ਰੁਪਏ ਸੀ ਪਰ ਅੰਮ੍ਰਿਤਸਰ ਵਿਚ ਅਧਿਕਾਰੀਆਂ ਦੀ ਅਣਦੇਖੀ ਦਾ ਸ਼ਿਕਾਰ ਹੋ ਕੇ ਇਹ ਪ੍ਰਾਜੈਕਟ ਫਰਵਰੀ ਮਹੀਨੇ ਵਿਚ ਹੀ ਬੰਦ ਹੋ ਗਿਆ। ਸਿਟੀ ਬੱਸ ਵਿਚ ਕੰਮ ਕਰ ਰਹੀ ਕੰਪਨੀ ਵੱਲੋਂ ਨਾ ਤਾਂ ਡਰਾਈਵਰ ਤੇ ਨਾ ਹੀ ਸਟਾਫ ਦੀ ਤਨਖਾਹ ਨਿਕਲ ਰਹੀ ਸੀ। ਸ਼ਹਿਰ ਵਿਚ ਜਦੋਂ ਵੀ ਨਵੇਂ ਪ੍ਰਾਜੈਕਟ ਸ਼ੁਰੂ ਹੁੰਦੇ ਹਨ ਤਾਂ ਉਸ ਦੀ ਦੇਖਭਾਲ ਕੀਤੀ ਜਾਂਦੀ ਹੈ ਪਰ ਪੁਰਾਣੇ ਪ੍ਰਾਜੈਕਟ ਅਣਦੇਖੀ ਦਾ ਸ਼ਿਕਾਰ ਹੋ ਕੇ ਬੰਦ ਹੋ ਜਾਂਦੇ ਹਨ।
ਅੱਜ ਜਿਨ੍ਹਾਂ ਥਾਵਾਂ 'ਤੇ ਬੀ. ਆਰ. ਟੀ. ਐੱਸ. ਬੱਸਾਂ ਦੌੜ ਰਹੀਆਂ ਹਨ ਉਥੇ ਹੀ ਸਿਟੀ ਬੱਸਾਂ ਦੇ ਰੂਟ ਸਨ, ਜਿਸ ਨਾਲ ਇਹ ਬੱਸਾਂ ਵੀ ਬੰਦ ਹੋ ਗਈਆਂ ਹਨ। ਸਿਟੀ ਬੱਸ ਪ੍ਰਾਜੈਕਟ ਵਿਚ ਅੰਮ੍ਰਿਤਸਰ ਦੇ ਡੀ. ਸੀ. ਚੇਅਰਮੈਨ ਹਨ ਅਤੇ ਡੀ. ਟੀ. ਓ. ਵੀ ਇਸ ਦੇ ਮੈਂਬਰ ਹਨ ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ਪ੍ਰਾਜੈਕਟ ਵੱਲ ਧਿਆਨ ਨਾ ਦੇਣ ਨਾਲ ਇਹ ਪ੍ਰਾਜੈਕਟ ਬੰਦ ਹੋ ਗਿਆ ਅਤੇ ਕੰਪਨੀ ਘਾਟੇ ਕਾਰਨ ਭੱਜ ਗਈ। ਲੱਖਾਂ ਰੁਪਇਆਂ ਦੀਆਂ ਬੱਸਾਂ ਹੋਰ ਬਣਾਈਆਂ ਗਈਆਂ। ਬੱਸ ਸਟੈਂਡ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਦਿਨੋ-ਦਿਨ ਉਥੇ ਇਨਫਰਾਸਟਰੱਕਚਰ ਖਰਾਬ ਹੋ ਰਿਹਾ ਹੈ।

PunjabKesari
ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਬੀ. ਆਰ. ਟੀ. ਐੱਸ. ਪ੍ਰਾਜੈਕਟ ਅਜੇ ਅਧੂਰਾ ਪਿਆ ਹੈ, ਹਾਲਾਂਕਿ ਇਸ ਦਾ ਸਾਰਾ ਖਰਚਾ ਸਰਕਾਰ ਉਠਾ ਰਹੀ ਹੈ। 2 ਮਹੀਨੇ ਪਹਿਲਾਂ 10 ਦਿਨ ਡੀਜ਼ਲ ਨਾ ਮਿਲਣ ਕਾਰਨ ਇਹ ਬੰਦ ਰਹੀ ਸੀ। ਇਹ ਪ੍ਰਾਜੈਕਟ ਵੀ ਸ਼ਹਿਰ ਵਿਚ ਘਾਟੇ ਵਿਚ ਚੱਲ ਰਿਹਾ ਹੈ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸਿਟੀ ਬੱਸ ਦੀਆਂ ਬੰਦ ਪਈਆਂ 60 ਬੱਸਾਂ ਨੂੰ ਇਸ ਪ੍ਰਾਜੈਕਟ ਵਿਚ ਚਲਾਉਣ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਨੇ ਪਿਛਲੇ ਸਮੇਂ ਵਿਚ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਸ਼ਹਿਰ 'ਚ ਬੀ. ਆਰ. ਟੀ. ਐੱਸ. ਪ੍ਰਾਜੈਕਟ ਵਿਚ ਚੱਲ ਰਹੀਆਂ ਬੱਸਾਂ ਦੇ ਰੂਟ ਵਿਚ ਸਿਟੀ ਬੱਸ ਦੀਆਂ 60 ਬੱਸਾਂ ਵੀ ਦੌੜਾਈਆਂ ਜਾਣਗੀਆਂ।

PunjabKesari
ਆਟੋ ਚਾਲਕਾਂ ਤੇ ਲੋਕਲ ਬੱਸ ਆਪ੍ਰੇਟਰਾਂ ਨੇ ਵੀ ਕੀਤਾ ਸੀ ਵਿਰੋਧ
ਸਿਟੀ ਬੱਸ ਦੇ ਸਿਸਟਮ ਨੂੰ ਚਲਾਉਣ ਲਈ ਸਪੈਸ਼ਲ ਪਰਪਸ ਕੰਪਨੀ (ਐੱਸ. ਪੀ. ਸੀ.) ਦਾ ਗਠਨ ਕੀਤਾ ਗਿਆ ਸੀ। 33.03 ਕਰੋੜ ਦੇ 150 ਏਅਰ ਕੰਡੀਸ਼ਨਡ ਬੱਸਾਂ ਦੇ ਸਿਟੀ ਬੱਸ ਸਰਵਿਸ ਪ੍ਰਾਜੈਕਟ ਵਿਚ ਸ਼ਹਿਰ ਦੇ 25 ਕਿਲੋਮੀਟਰ ਦੇ ਘੇਰੇ ਵਿਚ ਚੱਲਣ ਵਾਲੀਆਂ ਬੱਸਾਂ ਵੱਖ-ਵੱਖ ਰੂਟਾਂ ਨੂੰ ਜਿਥੇ ਕਵਰ ਕੀਤਾ, ਉਥੇ ਹੀ ਧਾਰਮਿਕ ਅਤੇ ਟੂਰਿਸਟ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਬੱਸ ਸਹੂਲਤ ਸੀ। ਬੱਸ ਦਾ ਕਿਰਾਇਆ ਵੀ ਲੋਕਾਂ ਦੀ ਜੇਬ ਮੁਤਾਬਿਕ ਹੀ ਤੈਅ ਸੀ, ਜਿਸ ਨਾਲ ਇਸ ਦਾ ਵਿਰੋਧ ਆਟੋ ਡਰਾਈਵਰਾਂ ਤੇ ਲੋਕਲ ਬੱਸ ਆਪ੍ਰੇਟਰਾਂ ਨੇ ਵੀ ਕੀਤਾ। ਕਈ ਵਾਰ ਤਾਂ ਇਨ੍ਹਾਂ ਦੀ ਸਿਟੀ ਬੱਸ ਦੇ ਡਰਾਈਵਰਾਂ ਨਾਲ ਲੜਾਈ ਵੀ ਹੋਈ। ਸਿਟੀ ਬੱਸ ਚੱਲਣ ਨਾਲ ਆਟੋ ਰਿਕਸ਼ਾ ਵਾਲਿਆਂ ਨੂੰ ਕਾਫ਼ੀ ਨੁਕਸਾਨ ਹੋਇਆ ਸੀ।

PunjabKesari
ਕਾਂਗਰਸ ਦੇ ਰਾਜ 'ਚ ਕਾਗਜ਼ਾਂ ਵਿਚ ਪ੍ਰਾਜੈਕਟ, ਫਿਰ ਉਨ੍ਹਾਂ ਦੇ ਕਾਰਜਕਾਲ 'ਚ ਚੱਲਣ ਦੇ ਲੱਛਣ
ਇੰਦੌਰ ਦੀ ਤਰਜ਼ 'ਤੇ ਸਿਟੀ ਬੱਸ ਸ਼ੁਰੂ ਕਰਨ ਦਾ ਐਲਾਨ ਉਦੋਂ ਦੇ ਕਾਂਗਰਸੀ ਮੇਅਰ ਸੁਨੀਲ ਦੱਤੀ ਨੇ 2006 ਸਾਲ ਵਿਚ ਕੀਤਾ ਸੀ। ਇਹ ਪ੍ਰਾਜੈਕਟ ਉਨ੍ਹਾਂ ਦੇ ਕਾਰਜਕਾਲ ਵਿਚ ਸਿਰੇ ਨਹੀਂ ਚੜ੍ਹਿਆ। ਹਰ ਵਾਰ ਬਿੱਡ ਵਿਚ ਇਕ ਹੀ ਕੰਪਨੀ ਦੇ ਆਉਣ ਦੀ ਵਜ੍ਹਾ ਨਾਲ ਵਾਰ-ਵਾਰ ਪ੍ਰਾਜੈਕਟ ਖਟਾਈ ਵਿਚ ਜਾਂਦਾ ਰਿਹਾ। ਹੁਣ ਕਾਂਗਰਸ ਸਰਕਾਰ ਫਿਰ ਸੱਤਾ ਵਿਚ ਆ ਗਈ ਹੈ, ਜਿਸ ਨਾਲ ਇਸ ਪ੍ਰਾਜੈਕਟ ਨੂੰ ਦੁਬਾਰਾ ਤੋਂ ਨਵੇਂ ਸਿਰਿਓਂ ਅਮਲੀਜਾਮਾ ਪਹਿਨਾਉਣ ਦੀ ਵੀ ਤਿਆਰੀ ਹੋ ਰਹੀ ਹੈ।  


Related News