ਪਰਾਲੀ ਸਾੜਨ ਵਾਲੇ 12 ਕਿਸਾਨ ਗ੍ਰਿਫਤਾਰ, 8 ਨਾਮਜ਼ਦ

11/06/2019 10:48:40 PM

ਨਵਾਂਸ਼ਹਿਰ,(ਤ੍ਰਿਪਾਠੀ): ਪਰਾਲੀ ਨੂੰ ਖੇਤਾਂ 'ਚ ਸਾੜਣ ਨਾਲ ਵਧਣ ਵਾਲੇ ਹਵਾ ਪ੍ਰਦੂਸ਼ਣ ਦੇ ਪ੍ਰਤੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਸਖਤ ਹਦਾਇਤਾਂ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ 'ਚ ਅੱਜ ਬਾਅਦ ਦੁਪਹਿਰ ਦੇ ਅੰਕੜਿਆਂ ਅਨੁਸਾਰ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਜ਼ਿਲਾ ਮਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਖੇਤਾਂ 'ਚ ਪਰਾਲੀ ਸਾੜਣ ਦੇ ਧਾਰਾ 188 ਤਹਿਤ 8 ਪੁਲਸ ਮਾਮਲੇ ਦਰਜ ਕੀਤੇ ਹਨ। ਜਦਕਿ ਅਲੱਗ ਮਾਮਲਿਆਂ 'ਚ ਪਰਾਲੀ ਸਾੜਨ ਦੀ ਕੋਸ਼ਿਸ਼ ਕਰਨ ਜਾਂ ਪੁਲਸ ਦੇ ਨਾਲ ਬਹਿਸ ਕਰਨ ਦੇ ਦੋਸ਼ ਤਹਿਤ 12 ਵਿਅਕਤੀਆਂ ਨੂੰ ਧਾਰਾ 107/151 ਦੇ ਅਧੀਨ ਗ੍ਰਿਫਤਾਰ ਕੀਤਾ ਹੈ। ਪਰਾਲੀ ਸਾੜਣ ਦੇ 218 ਮਾਮਲੇ ਪ੍ਰਸ਼ਾਸਨ ਦੇ ਸਾਹਮਣੇ ਆਏ ਹਨ, ਜਿਸ 'ਚ 148 ਮਾਮਲਿਆਂ 'ਚ 3.70 ਲੱਖ ਰੁਪਏ ਦੇ ਜੁਰਮਾਨੇ ਵਸੂਲੇ ਗਏ ਹਨ।

ਦੁਪਹਿਰ ਬਾਅਦ ਪੁਅਰ ਜ਼ੋਨ 'ਚ ਰਿਹਾ ਏ. ਕਿਊ. ਆਈ.
ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਭਰ ਦੇ ਕਿਸਾਨਾਂ ਨੂੰ ਖੇਤਾਂ 'ਚ ਪਰਾਲੀ ਨਾ ਸਾੜਣ ਸਬੰਧੀ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਸੀ। ਜਿਸ ਤਹਿਤ ਵੱਖ-ਵੱਖ ਸਬੰਧਤ ਵਿਭਾਗਾਂ ਵੱਲੋਂ ਪਿੰਡ ਪੱਧਰ 'ਤੇ ਜਾਗਰੂਕਤਾ ਕੈਂਪ ਲਾਏ ਗਏ ਸਨ ਪਰ ਬਾਵਜੂਦ ਇਸਦੇ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਰੁਕਣ ਦੇ ਸਥਾਨ 'ਤੇ ਲਗਾਤਾਰ ਵਧਦਾ ਚਲਾ ਗਿਆ। ਜਿੱਥੇ ਆਮ ਦਿਨਾਂ 'ਚ ਏਅਰ ਕੁਆਲਟੀ ਇੰਡੈਂਕਸ ਕਰੀਬ 70 ਰਹਿੰਦਾ ਹੈ ਉਹ 400 ਦੇ ਪੱਧਰ ਨੂੰ ਵੀ ਪਾਰ ਕਰ ਗਿਆ ਸੀ। ਅੱਜ ਬਾਅਦ ਦੁਪਹਿਰ ਸ਼ਹਿਰ 'ਚ ਏ. ਕਿਊ. ਆਈ. 274 ਨੋਟ ਕੀਤਾ ਗਿਆ ਹੈ ਜੋ ਪੁਅਰ ਜ਼ੋਨ 'ਚ ਹੈ ਤੇ ਜਿਸਦਾ ਅਰਥ ਇਹ ਹੈ ਕਿ ਦੂਸ਼ਿਤ ਹਵਾ ਸਾਹ ਲੈਣ ਦੇ ਯੋਗ ਨਹੀਂ ਹੈ।

ਸੁਪਰੀਮ ਕੋਰਟ ਦੇ ਸਖ਼ਤ ਕਦਮ ਤੋਂ ਬਾਅਦ ਪ੍ਰਸ਼ਾਸਨ ਨੇ ਚੁੱਕੇ ਕਦਮ
ਮਾਣਯੋਗ ਸੁਪਰੀਮ ਕੋਰਟ ਵੱਲੋਂ ਖੇਤਾਂ 'ਚ ਪਰਾਲੀ ਨੂੰ ਸਾੜਨ ਦੇ ਵੱਧ ਰਹੇ ਮਾਮਲਿਆਂ 'ਚ ਸਖ਼ਤ ਸਟੈਂਡ ਲੈਂਦੇ ਹੋਏ ਪੰਜਾਬ, ਹਰਿਆਣਾ ਤੇ ਯੂ. ਪੀ. ਦੇ ਸੂਬਿਆਂ ਦੇ ਚੀਫ ਸਕੱਤਰਾਂ ਨੂੰ ਤਲਬ ਕੀਤਾ ਗਿਆ ਹੈ। ਜਿਸ ਤਹਿਤ ਪੰਜਾਬ ਦੇ ਚੀਫ ਸਕੱਤਰ ਵੱਲੋਂ ਸੂਬੇ ਭਰ ਦੇ ਡਿਪਟੀ ਕਮਿਸ਼ਨਰਜ਼ ਤੇ ਐੱਸ. ਐੱਸ. ਪੀਜ਼ ਨਾਲ ਰੋਜ਼ਾਨਾ ਸ਼ਾਮ ਨੂੰ ਇਸ ਸਬੰਧੀ ਮੋਨੀਟਰਿੰਗ ਕਰਨ ਲਈ ਵੀਡੀਓ ਕਾਨਫ੍ਰੈਂਸਿੰਗ ਸ਼ੁਰੂ ਕੀਤੀ ਗਈ ਹੈ। ਜਿਸ ਦੇ ਨਤੀਜੇ ਦੇ ਤੌਰ 'ਤੇ ਹੀ ਜ਼ਿਲਾ ਪੁਲਸ ਵੱਲੋਂ ਅੱਜ ਸ਼ਾਮ ਤਕ ਪਰਾਲੀ ਸਾੜ ਕੇ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 16 ਵਿਅਕਤੀਆਂ ਖਿਲਾਫ ਧਾਰਾ 188 ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਦੱਸਿਆ ਕਿ ਹੁਣ ਤਕ ਪਰਾਲੀ ਸਾੜਨ ਦੇ 218 ਮਾਮਲੇ ਸਾਹਮਣੇ ਆਏ ਹਨ, ਜਿਸ 'ਚੋਂ 148 ਮਾਮਲਿਆਂ 'ਚ 3.70 ਲੱਖ ਰੁਪਏ ਦੀ ਰਕਮ ਜੁਰਮਾਨੇ ਦੇ ਤੌਰ 'ਤੇ ਵਸੂਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ 16 ਜੁਆਇੰਟ ਅਤੇ 12 ਪੈਟ੍ਰੋਲਿੰਗ ਪਾਰਟੀਆਂ ਦਾ ਗਠਨ ਕਰ ਕੇ ਹਰ ਪਿੰਡ 'ਚ ਇਕ ਨੋਡਲ ਅਫਸਰ ਨਿਯੁਕਤ ਕੀਤਾ ਜਾ ਰਿਹਾ ਹੈ ਅਤੇ ਹੁਣ ਤਕ ਜ਼ਿਲੇ 'ਚ 336 ਨੋਡਲ ਅਫਸਰ ਨਿਯੁਕਤ ਕਰ ਦਿੱਤੇ ਗਏ ਹਨ।


Related News