ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

07/19/2017 6:34:38 AM

ਤਰਨਤਾਰਨ,  (ਆਹਲੂਵਾਲੀਆ)-  ਜਮਹੂਰੀ ਕਿਸਾਨ ਸਭਾ ਜ਼ਿਲਾ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਆਗੂ ਚਰਨਜੀਤ ਸਿੰਘ ਬਾਠ, ਮਨਜੀਤ ਸਿੰਘ, ਦਾਰਾ ਸਿੰਘ ਮੁੰਡਾ ਪਿੰਡ, ਬਲਵਿੰਦਰ ਸਿੰਘ ਫੈਲੋਕੇ ਆਦਿ ਦੀ ਅਗਵਾਈ ਹੇਠ ਉਸਮਾ, ਸ਼ੇਰੋਂ, ਪਿੱਦੀ ਜੀ. ਟੀ. ਰੋਡ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਜਥੇਬੰਦੀ ਦੇ ਸੂਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਜੋ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਆਮ ਲੋਕਾਂ, ਕਿਸਾਨਾਂ-ਮਜ਼ਦੂਰਾਂ ਆਦਿ ਨਾਲ ਵਾਅਦੇ ਕੀਤੇ ਗਏ ਸੀ, ਪੂਰੇ ਕੀਤੇ ਜਾਣ। ਪੰਜਾਬ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਜਿਸ ਦਾ ਕੋਈ ਹੱਲ ਨਹੀਂ ਕੀਤਾ ਗਿਆ।
ਕਿਸਾਨ ਆਗੂਆਂ ਕਿਹਾ ਕਿ 10 ਏਕੜ ਤੱਕ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ, ਖੇਤੀ ਵਸਤਾਂ 'ਤੇ ਲਾਇਆ ਜੀ. ਐੱਸ. ਟੀ. ਵਾਪਸ ਲਿਆ ਜਾਵੇ, ਫਸਲਾਂ ਦਾ ਭਾਅ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਤਹਿ ਕੀਤਾ ਜਾਵੇ।  ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਕਾਰਪੋਰੇਸ਼ਨ ਪੱਖੀ ਨੀਤੀ ਤਿਆਗ ਕੇ ਕਿਸਾਨ-ਮਜ਼ਦੂਰ, ਆਮ ਲੋਕ ਪੱਖੀ ਨੀਤੀਆਂ ਅਪਣਾਈਆਂ ਜਾਣ। ਇਸ ਮੌਕੇ ਨਿਰਪਾਲ ਸਿੰਘ, ਰੇਸ਼ਮ ਸਿੰਘ, ਅੰਮ੍ਰਿਤਪਾਲ ਸਿੰਘ ਚੌਧਰੀ ਵਾਲਾ, ਕਰਮ ਸਿੰਘ ਫਤਿਆਬਾਦ, ਬਲਵਿੰਦਰ ਕੋਟ, ਨਿਰੰਜਣ ਸਿੰਘ ਕੋਟ ਆਦਿ ਆਗੂ ਹਾਜ਼ਰ ਸਨ।


Related News