ਕਾਂਗਰਸ ਅੰਦਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੱਡੀ ਜੰਗ : ਬੰਟੀ ਰੋਮਾਣਾ
Wednesday, Dec 08, 2021 - 10:32 AM (IST)
ਜਲੰਧਰ (ਲਾਭ ਸਿੰਘ ਸਿੱਧੂ, ਮ੍ਰਿਦੁਲ)–ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੂਰੀ ਜੰਗ ਚੱਲ ਰਹੀ ਹੈ ਅਤੇ ਦੋਵੇਂ ਪਾਰਟੀਆਂ ਇਸ ਮੁੱਦੇ ’ਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਲੱਗੀਆਂ ਹੋਈਆਂ ਹਨ। ਇਹ ਗੱਲ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਮੰਗਲਵਾਰ ਇਥੇ ਯੂਥ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੀ ਮੀਟਿੰਗ ਤੋਂ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਬੰਟੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੱਡੀ ਲੜਾਈ ਹੈ। ਚੰਨੀ ਨੂੰ ਨਾ ਸਿੱਧੂ ਮੁੱਖ ਮੰਤਰੀ ਮੰਨਦਾ ਹੈ, ਨਾ ਜਾਖੜ ਅਤੇ ਨਾ ਸੁੱਖੀ ਰੰਧਾਵਾ। ਸਭ ਚੰਨੀ ਨੂੰ ਥੱਲੇ ਲਾਉਂਦੇ ਹਨ। ਉਨ੍ਹਾਂ ਕਿਹਾ ਕਿ 2022 ਵਿਚ ਸਿੱਧੂ ਮੁੱਖ ਮੰਤਰੀ ਹੋਵੇਗਾ ਜਾਂ ਫਿਰ ਚੰਨੀ, ਇਸ ਬਾਰੇ ਨਾ ਤਾਂ ਹਾਈਕਮਾਨ ਸਪੱਸ਼ਟ ਕਰਦੀ ਹੈ, ਨਾ ਹੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ। ਕਾਂਗਰਸੀ ਤਾਂ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਡੰਗ ਹੀ ਟਪਾ ਰਹੇ ਹਨ। ਕਾਂਗਰਸ ਚੰਨੀ ਦੇ ਨਾਂ ’ਤੇ ਗਰੀਬ ਵਰਗ ਦੀਆਂ ਵੋਟਾਂ ਬਟੋਰਨੀਆਂ ਚਾਹੁੰਦੀ ਹੈ ਪਰ ਗਰੀਬ ਵਰਗ ਤਾਂ ਕਾਂਗਰਸ ਦੀਆਂ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਕਾਂਗਰਸ ਤੋਂ ਪਾਸਾ ਵੱਟ ਚੁੱਕਿਆ ਹੈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਖਿੱਚੀ ਤਿਆਰੀ, NRIs ਨੂੰ ਮਿਲੇਗੀ ਇਹ ਖ਼ਾਸ ਸਹੂਲਤ
ਚੰਨੀ ਦੀ ਅਗਵਾਈ ਵਾਲੇ ਮੌਜੂਦਾ ਮੰਤਰੀ ਮੰਡਲ ਵਿਚੋਂ ਬਹੁਤੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਮੰਤਰੀ ਸਨ ਪਰ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੇ ਮਸਲੇ ਹੱਲ ਕੀਤੇ ਅਤੇ ਨਾ ਹੀ ਹੁਣ ਚੰਨੀ ਸਰਕਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਕੈਪਟਨ ਅਤੇ ਉਸ ਦੇ ਸਾਥੀਆਂ ਨੇ ਸਰਕਾਰ ਬਣਾਈ ਸੀ ਪਰ ਉਸ ਵੇਲੇ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਲੁੱਟਣ ’ਤੇ ਲੱਗੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਿਰਫ਼ 2 ਹਫ਼ਤੇ ਕੋਡ ਆਫ਼ ਕੰਡਕਟ ਲੱਗਣ ਵਿਚ ਰਹਿ ਗਏ ਹਨ, ਲੁੱਟ ਲਓ, ਜੋ ਲੁੱਟ ਹੁੰਦਾ ਹੈ।
13 ਨੂੰ ਹੀ ਨੌਜਵਾਨ ਰੈਲੀ ਦਾ ਰੰਗ ਬੰਨ੍ਹ ਦੇਣਗੇ
ਬੰਟੀ ਰੋਮਾਣਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 14 ਦਸੰਬਰ ਨੂੰ ਮੋਗਾ ਨੇੜੇ ਕਿੱਲੀ ਚਹਿਲਾਂਵਾਲੀ ਵਿਚ ਕੀਤੀ ਜਾ ਰਹੀ ਵੱਡੀ ਰੈਲੀ ਦਾ ਮੁੱਢ ਪੰਜਾਬ ਯੂਥ ਅਕਾਲੀ ਦਲ ਦੇ ਵਰਕਰ ਤੇ ਲੀਡਰ 13 ਦਸੰਬਰ ਨੂੰ ਹੀ ਬੰਨ੍ਹ ਦੇਣਗੇ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ 13 ਦਸੰਬਰ ਨੂੰ ਹੁੰਮ-ਹੁਮਾ ਕੇ ਰੈਲੀ ਵਾਲੀ ਥਾਂ ’ਤੇ ਪਹੁੰਚਣ ਤਾਂ ਜੋ ਪ੍ਰਬੰਧਾਂ ਅਤੇ ਕੰਮਾਂ ’ਤੇ ਉਨ੍ਹਾਂ ਦੀਆਂ ਡਿਊਟੀਆਂ ਲਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਹੋਈਆਂ ਰੈਲੀਆਂ ਨਾਲੋਂ ਇਹ ਰੈਲੀ ਵੱਡੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਰੈਲੀ ਵਿਚ ਅਗਲੇ 5 ਸਾਲਾਂ ਦਾ ਪਾਰਟੀ ਦਾ ਰੋਡਮੈਪ ਰੱਖਣਗੇ। ਅਕਾਲੀ ਦਲ ਜੋ ਵਾਅਦੇ ਲੋਕਾਂ ਨਾਲ ਕਰਦਾ ਹੈ, ਉਹ ਹਮੇਸ਼ਾ ਪੂਰੇ ਕਰਦਾ ਹੈ। ਕਾਂਗਰਸ ਵਾਂਗ ਸਿਰਫ਼ ਵੋਟਾਂ ਬਟੋਰਨ ਲਈ ਵਾਅਦੇ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਅੱਜ ਤੱਕ ਜਿੰਨੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਮਿਲੀਆਂ ਹਨ, ਉਹ ਸਭ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਦਿੱਤੀਆਂ ਹਨ। ਇਸ ਮੌਕੇ ਬਚਿੱਤਰ ਸਿੰਘ ਕੋਹਾੜ, ਮਨਜੀਤ ਸਿੰਘ ਟੀਟੂ, ਇੰਦਰਜੀਤ ਬੱਬਰ, ਸੁਖਮਿੰਦਰ ਸਿੰਘ ਰਾਜਪਾਲ, ਮਨਬੀਰ ਵਡਾਲਾ, ਸੰਨੀ ਢਿੱਲੋਂ, ਗਗਨਦੀਪ ਸਿੰਘ ਗੱਗੀ, ਗੁਰਪ੍ਰੀਤ ਸਿੰਘ ਖਾਲਸਾ, ਗੁਰਮਿੰਦਰ ਸਿੰਘ ਕਿਸ਼ਨਪੁਰ, ਜੁਗਰਾਜ ਜੱਗੀ ਅਤੇ ਅਮਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ