ਰਿਵਾਲਵਰ ਸਾਫ਼ ਕਰਦੇ ਸਮੇਂ ਧਾਰਮਿਕ ਅਸਥਾਨ ਦੇ ਸੇਵਾਦਾਰ ਦੇ ਸਿਰ ’ਚ ਲੱਗੀ ਗੋਲ਼ੀ, ਹਾਲਤ ਗੰਭੀਰ

12/12/2022 1:08:11 AM

ਜਲੰਧਰ (ਮਹੇਸ਼) : ਆਪਣਾ ਲਾਇਸੈਂਸੀ 32 ਬੋਰ ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ ਡੇਰਾ ਮਿਸਲ ਸ਼ਹੀਦਾਂ ਤਰਨਾ ਦਲ ਪਿੰਡ ਕੰਗਣੀਵਾਲ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਦੇ ਮੁੱਖ ਸੇਵਾਦਾਰ ਬਾਬਾ ਸੌਦਾਗਰ ਸਿੰਘ (50) ਦੇ ਸਿਰ ’ਚ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਅਮਨਪ੍ਰੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਰਾਮਾ ਮੰਡੀ ਦੇ ਨਿੱਜੀ ਹਸਪਤਾਲ ਲੈ ਕੇ ਆਏ। ਡਾਕਟਰਾਂ ਨੇ ਬਾਬਾ ਸੌਦਾਗਰ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਹਸਪਤਾਲ ਦੇ ਨਿਊਰੋ ਸਰਜਨ ਡਾ. ਜਸਮੀਤ ਸਿੰਘ ਨੇ ਮਰੀਜ਼ ਦੇ ਸਿਰ ’ਚ ਲੱਗੀ ਗੋਲ਼ੀ ਨੂੰ ਆਪ੍ਰੇਸ਼ਨ ਕਰਕੇ ਕੱਢ ਦਿੱਤਾ। ਇਸ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਆਈ. ਸੀ. ਯੂ. ’ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : 54 ਬੱਚਿਆਂ ਦੇ ਪਿਤਾ ਅਬਦੁਲ ਮਜੀਦ ਦਾ ਹਾਰਟ ਅਟੈਕ ਨਾਲ ਦਿਹਾਂਤ, ਮੌਤ ਤੋਂ 5 ਦਿਨ ਪਹਿਲਾਂ ਤੱਕ ਰਿਹਾ ਕਮਾਉਂਦਾ

ਪਿੰਡ ਕੰਗਣੀਵਾਲ ਤੋਂ ਕਬੂਲਪੁਰ ਨੂੰ ਜਾਂਦੇ ਰਸਤੇ ’ਤੇ ਸਥਿਤ ਉਕਤ ਡੇਰੇ ’ਚ ਗੋਲ਼ੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਪਤਾਰਾ ਦੇ ਐੱਸ. ਐੱਚ. ਓ. ਇੰਸਪੈਕਟਰ ਅਰਸ਼ਪ੍ਰੀਤ ਕੌਰ ਸਮੇਤ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਅਮਨਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਐਤਵਾਰ ਦੁਪਹਿਰ ਨੂੰ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਹੇ ਸਨ ਤਾਂ ਅਚਾਨਕ ਗੋਲ਼ੀ ਚੱਲ ਗਈ, ਜੋ ਉਨ੍ਹਾਂ ਦੇ ਸਿਰ ’ਚ ਵੱਜੀ। ਅਮਨਪ੍ਰੀਤ ਨੇ ਇਸ ਘਟਨਾ ਨੂੰ ਅਚਾਨਕ ਵਾਪਰਿਆ ਹਾਦਸਾ ਦੱਸਿਆ ਹੈ।

ਇਹ ਵੀ ਪੜ੍ਹੋ : ਚੀਨ ਬਣਿਆ ਮੁਕੰਮਲ ਪੁਲਾੜ ਸਟੇਸ਼ਨ ਵਾਲਾ ਪਹਿਲਾ ਦੇਸ਼, ਜਾਣੋ ਕਿਹੋ-ਜਿਹਾ ਹੈ ‘ਤਿਆਂਗੋਂਗ’

ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸੌਦਾਗਰ ਸਿੰਘ ਦੇ ਅਨਫਿੱਟ ਹੋਣ ਕਾਰਨ ਉਨ੍ਹਾਂ ਦੇ ਬਿਆਨ ਨਹੀਂ ਲਏ ਜਾ ਸਕੇ। ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ। ਇਸ ਦੌਰਾਨ ਜ਼ਿਲ੍ਹਾ ਭਾਜਪਾ ਉੱਤਰੀ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਤੇ ਡਾ. ਅੰਬੇਡਕਰ ਫਾਊਂਡੇਸ਼ਨ ਆਫ਼ ਇੰਡੀਆ ਦੇ ਮੈਂਬਰ ਮਨਜੀਤ ਬਾਲੀ ਵੀ ਹਸਪਤਾਲ ਪੁੱਜੇ। ਉਹ ਪਹਿਲਾਂ ਬਾਬਾ ਸੌਦਾਗਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਤੇ ਬਾਬਾ ਜੀ ਦੀ ਸਿਹਤ ਦਾ ਹਾਲਚਾਲ ਪੁੱਛਿਆ ਤੇ ਫਿਰ ਹਸਪਤਾਲ ਦੇ ਐੱਮ. ਡੀ.-ਕਮ-ਚੇਅਰਮੈਨ ਡਾ. ਬੀ. ਐੱਸ. ਜੌਹਲ ਨੇ ਜ਼ੇਰੇ ਇਲਾਜ ਮਰੀਜ਼ ਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਦਿੱਤੀ। ਡਾ. ਜੌਹਲ ਨੇ ਦੱਸਿਆ ਕਿ ਜਿਵੇਂ ਹੀ ਬਾਬਾ ਜੀ ਹਸਪਤਾਲ ਪਹੁੰਚੇ ਤਾਂ ਆਪ੍ਰੇਸ਼ਨ ਦੌਰਾਨ ਉਨ੍ਹਾਂ ਦੇ ਸਿਰ 'ਚ ਲੱਗੀ ਗੋਲ਼ੀ ਕੱਢ ਦਿੱਤੀ ਗਈ। ਇਸ ਦੇ ਬਾਵਜੂਦ ਉਨ੍ਹਾਂ ਨੇ ਅਗਲੇ 48 ਘੰਟਿਆਂ ਲਈ ਬਾਬਾ ਜੀ ਦੀ ਹਾਲਤ ਨਾਜ਼ੁਕ ਦੱਸੀ ਹੈ।

ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News