ਪਿੰਡ ''ਚ ਚੱਲ ਰਹੇ ਜਗਰਾਤੇ ''ਚ ਮਚੀ ਹਾਹਾਕਾਰ, ਸ਼ਰੇਆਮ ਚੱਲੀਆਂ ਗੋਲੀਆਂ (ਤਸਵੀਰਾਂ)

Monday, Aug 14, 2017 - 06:35 PM (IST)

ਪਿੰਡ ''ਚ ਚੱਲ ਰਹੇ ਜਗਰਾਤੇ ''ਚ ਮਚੀ ਹਾਹਾਕਾਰ, ਸ਼ਰੇਆਮ ਚੱਲੀਆਂ ਗੋਲੀਆਂ (ਤਸਵੀਰਾਂ)

ਕੋਟਕਪੂਰਾ (ਨਰਿੰਦਰ ਬੈੜ) : ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਹਰੀ ਨੌ ਵਿਖੇ ਜਗਰਾਤੇ ਦੌਰਾਨ ਚੱਲੀ ਗੋਲੀ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ। ਦੋਵੇਂ ਜ਼ਖਮੀਆਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਸਬੰਧ ਵਿਚ ਜਸਵਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਹਰੀ ਨੌ ਦੇ ਬਿਆਨਾਂ 'ਤੇ ਥਾਣਾ ਸਦਰ ਕੋਟਕਪੂਰਾ ਵਿਖੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਦਾਣਾ ਮੰਡੀ ਵਿਚ ਜਗਰਾਤਾ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਜਸਵਿੰਦਰ ਕੁਮਾਰ ਅਤੇ ਜਗਸੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਕਟਾਰੀਆ ਵਾਸੀ ਹਰੀ ਨੌ ਹੋਰ ਪਿੰਡ ਵਾਸੀਆਂ ਨਾਲ ਰਲ ਕੇ ਪਾਣੀ ਦੀ ਸੇਵਾ ਕਰ ਰਹੇ ਸਨ।
ਜਸਵਿੰਦਰ ਕੁਮਾਰ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਅਮਰਿੰਦਰ ਸਿੰਘ ਵਾਸੀ ਮਰਾੜ ਆਪਣੇ ਸਾਥੀਆਂ ਸਮੇਤ ਜਾਣ ਬੁੱਝ ਕੇ ਔਰਤਾਂ ਵਾਲੇ ਪਾਸੇ ਗੇੜੇ ਮਾਰ ਰਹੇ ਸਨ ਅਤੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਅਮਰਿੰਦਰ ਸਿੰਘ ਨੇ ਡੱਬ ਵਿਚੋਂ ਪਿਸੌਤਲ ਕੱਢ ਕੇ ਉਨ੍ਹਾਂ 'ਤੇ ਫਾਇਰ ਕਰ ਦਿੱਤੇ ਜਿਸ ਕਾਰਨ ਜਸਵਿੰਦਰ ਕੁਮਾਰ ਅਤੇ ਜਗਸੀਰ ਸਿੰਘ ਜ਼ਖਮੀ ਹੋ ਗਏ। ਮੌਕੇ 'ਤੇ ਹਾਜ਼ਰ ਲੋਕਾਂ ਵੱਲੋਂ ਦੋਵਾਂ ਨੂੰ ਤੁਰੰਤ ਕੋਟਕਪੂਰਾ ਦੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਦੋਵਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਭੇਜ ਦਿੱਤਾ ਗਿਆ, ਜਿੱਥੇ ਉਹ ਇਲਾਜ ਅਧੀਨ ਹਨ। ਇਸ ਸਬੰਧ ਵਿਚ ਅਮਰਿੰਦਰ ਸਿੰਘ ਅਤੇ ਉਸਦੇ ਦੋ ਨਾ ਮਾਲੂਮ ਸਾਥੀਆਂ ਖਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News