ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਤੇ ਕਲਰਕ ਰਿਸ਼ਵਤ ਲੈਣ ਦੇ ਦੋਸ਼ ਹੇਠ ਚੜ੍ਹੇ ਵਿਜੀਲੈਂਸ ਅੜਿੱਕੇ

04/18/2023 7:59:58 PM

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਨਗਰ ਨਿਗਮ ਲੁਧਿਆਣਾ ਵਿਖੇ ਤਾਇਨਾਤ ਬਿਲਡਿੰਗ ਇੰਸਪੈਕਟਰ ਵਿਸ਼ਾਲ ਰਾਮਪਾਲ ਅਤੇ ਕਲਰਕ ਗੁਰਵਿੰਦਰ ਸਿੰਘ ਗੁਰੀ ਨੂੰ ਦੋ ਕਿਸ਼ਤਾਂ ਵਿੱਚ 6,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਸ਼ਾਲ ਰਾਮਪਾਲ ਦਾ ਹੁਣ ਨਗਰ ਨਿਗਮ ਅੰਮ੍ਰਿਤਸਰ ਵਿਖੇ ਤਬਾਦਲਾ ਹੋ ਗਿਆ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰੀਆਂ ਵੱਲੋਂ ਬਣਾਈ ਜਾਇਦਾਦ ਵੇਚ ਕੇ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਾਵਾਂਗੇ ਪੈਸਾ : ਭਗਵੰਤ ਮਾਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਾਜ਼ਮਾਂ ਵਿਰੁੱਧ ਇਹ ਕੇਸ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਦਰਜ ਕੀਤਾ ਗਿਆ ਹੈ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਜੁਗਲ ਕਿਸ਼ੋਰ ਵਾਸੀ ਹੈਬੋਵਾਲ, ਲੁਧਿਆਣਾ ਨੇ ਦੋਸ਼ ਲਾਇਆ ਕਿ ਉਕਤ ਮੁਲਾਜ਼ਮਾਂ ਨੇ ਉਸ ਦੀ ਜਾਇਦਾਦ ਦੀ ਐੱਨ.ਓ.ਸੀ ਜਾਰੀ ਕਰਨ ਬਦਲੇ ਦੋ ਕਿਸ਼ਤਾਂ ਵਿੱਚ ਰਿਸ਼ਵਤ ਵਜੋਂ 6,000 ਰੁਪਏ ਲਏ ਹਨ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਮੁਲਾਜ਼ਮਾਂ ਨੇ ਇਸ ਬਦਲੇ 15,000 ਰੁਪਏ ਦੀ ਮੰਗ ਕੀਤੀ ਸੀ ਪਰ ਸੌਦਾ 6,000 ਰੁਪਏ ਵਿੱਚ ਤੈਅ ਹੋਇਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਸ ਸਬੰਧੀ ਹੋਈ ਗੱਲਬਾਤ ਆਪਣੇ ਮੋਬਾਈਲ 'ਤੇ ਰਿਕਾਰਡ ਕਰ ਲਈ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਮਈ ’ਚ ਮਿਲ ਸਕਦੇ ਨੇ ਸਥਾਈ ਨਿਯੁਕਤੀ ਦੇ ਆਰਡਰ

ਬੁਲਾਰੇ ਨੇ ਅੱਗੇ ਕਿਹਾ ਕਿ ਲੁਧਿਆਣਾ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਇਸ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਰਿਸ਼ਵਤ ਦੀ ਮੰਗ ਕਰਨ ਅਤੇ ਰਿਸ਼ਵਤ ਲੈਣ ਲਈ ਦੋਸ਼ੀ ਪਾਏ ਜਾਣ ਉਪਰੰਤ ਨਗਰ ਨਿਗਮ ਲੁਧਿਆਣਾ ਦੇ ਉਪਰੋਕਤ ਮੁਲਾਜ਼ਮਾਂ ਖਿਲਾਫ਼ ਵਿਜੀਲੈਂਸ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


Mandeep Singh

Content Editor

Related News