ਲੁਧਿਆਣਾ : ਮੇਅਰ, ਕਮਿਸ਼ਨਰ ਸਮੇਤ 8 ਲੋਕਾਂ ''ਤੇ ਮਾਮਲਾ ਦਰਜ, ਲਈ ਜ਼ਮਾਨਤ
Thursday, Aug 08, 2019 - 03:44 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦਾ ਬੁੱਢਾ ਨਾਲਾ ਵੱਡੀ ਸਮੱਸਿਆ ਬਣਿਆ ਹੋਇਆ ਹੈ ਅਤੇ ਹੁਣ ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਵਲੋਂ ਇਸ ਬਾਰੇ ਸਖਤੀ ਵਰਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਗਰ ਨਿਗਮ ਮੇਅਰ, ਕਮਿਸ਼ਨਰ ਸਣੇ 4 ਅਫਸਰਾਂ ਅਤੇ 2 ਆਮ ਲੋਕਾਂ 'ਤੇ ਮਾਮਲਾ ਦਰਜ ਕਰਾਇਆ ਸੀ। ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਸਣੇ ਹੋਰ ਅਫਸਰਾਂ ਨੇ ਵੀਰਵਾਰ ਨੂੰ ਲੁਧਿਆਣਾ ਜ਼ਿਲਾ ਅਦਾਲਤ ਤੋਂ ਜ਼ਮਾਨਤ ਲੈ ਲਈ ਹੈ। ਇਸ ਮੌਕੇ ਮੇਅਰ ਤੇ ਕਮਿਸ਼ਨਰ ਮੀਡੀਆ ਤੋਂ ਬਚਦੇ ਹੋਏ ਦਿਖਾਈ ਦਿੱਤੇ।
ਜ਼ਿਕਰਯੋਗ ਹੈ ਕਿ ਬੀਤੀ ਇਕ ਮਈ ਨੂੰ ਐੱਨ. ਜੀ. ਟੀ. ਦੀ ਇਕ ਟੀਮ ਵਲੋਂ ਜਮਾਲਪੁਰ 'ਚ ਲੱਗੇ ਐੱਸ. ਟੀ. ਪੀ. ਦਾ ਦੌਰਾ ਕੀਤਾ ਗਿਆ ਸੀ। ਦੌਰੇ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਐੱਸ. ਟੀ. ਪੀ. ਪਲਾਂਟ ਬੰਦ ਹੈ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਨੇ ਇਸ ਦਾ ਸਾਰਾ ਠੀਕਰਾ ਨਗਰ ਨਿਗਮ 'ਤੇ ਪਾਉਂਦਿਆਂ ਮੇਅਰ, ਕਮਿਸ਼ਨਰ ਤੇ ਚਾਰ ਹੋਰ ਅਫਸਰਾਂ 'ਤੇ ਮਾਮਲਾ ਦਰਜ ਕਰਾਇਆ ਸੀ।