ਡੀ. ਜੀ. ਪੀ. ਮੁੱਦੇ ''ਤੇ ਲੋਹਾ-ਲਾਖਾ ਹੋਏ ਭਗਵੰਤ ਮਾਨ, ਕੈਪਟਨ-ਅਰੂਸਾ ''ਤੇ ਚੁੱਕੇ ਸਵਾਲ
Tuesday, Feb 25, 2020 - 06:36 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ ਵੀ ਹੰਗਾਮਾ ਭਰਪੂਰ ਰਿਹਾ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਸਦਨ ਵਿਚ ਖੂਬ ਹੰਗਾਮਾ ਕੀਤਾ। ਦੋਵਾਂ ਪਾਰਟੀਆਂ ਬਰਖਾਸਤਗੀ ਦੀ ਮੰਗ 'ਤੇ ਅੜੀਆਂ ਰਹੀਆਂ। ਵਿਧਾਨ ਸਭਾ ਦੀ ਕਾਰਵਾਈ ਦੇਖਣ ਆਏ ਭਗਵੰਤ ਮਾਨ ਨੇ ਇਸ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਰਗੜੇ ਲਗਾਏ। ਮਾਨ ਨੇ ਕਿਹਾ ਕਿ ਡੀ. ਜੀ. ਪੀ. ਕਹਿੰਦਾ ਹੈ ਕਿ ਛੇ ਘੰਟਿਆਂ ਵਿਚ ਸ਼ਰਧਾਲੂ ਪਾਕਿਸਤਾਨ ਤੋਂ ਅੱਤਵਾਦੀ ਬਣ ਕੇ ਆ ਸਕਦਾ ਹੈ ਪਰ ਉਹ ਇਹ ਦੱਸਣ ਕਿ ਛੇ ਸਾਲਾਂ ਤੋਂ ਕੈਪਟਨ ਦੇ ਘਰ ਰਹਿ ਰਹੀ ਅਰੂਸਾ ਆਲਮ ਕਿਸ ਆਧਾਰ 'ਤੇ ਪੰਜਾਬ ਵਿਚ ਰਹਿ ਰਹੀ ਹੈ।
ਉਨ੍ਹਾਂ ਕਿਹਾ ਕਿ ਅਰੂਸਾ ਆਲਮ ਅਤੇ ਡੀ. ਜੀ. ਪੀ. ਦੀ ਤਸਵੀਰਾਂ ਵੀ ਵਾਇਰਲ ਹੋਈਆਂ, ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਕੈਪਟਨ ਦੱਸੇ ਕਿ ਅਰੂਸਾ ਆਲਮ ਦਾ ਵੀਜ਼ਾ ਕਦੋਂ ਤਕ ਦਾ ਅਤੇ ਕਿੱਥੇ-ਕਿੱਥੇ ਦਾ ਹੈ। ਇਥੋਂ ਤਕ ਐੱਸ.ਐੱਸ. ਪੀ. ਅਤੇ ਡੀ. ਸੀਜ਼ ਦੀ ਨਿਯੁਕਤੀ ਵੀ ਉਨ੍ਹਾਂ ਦੇ ਕਹਿਣ 'ਤੇ ਹੋ ਰਹੀ ਹੈ।
ਮਾਨ ਨੇ ਕਿਹਾ ਕਿ ਯੂ. ਐੱਨ. ਓ. ਦੇ ਜਨਰਲ ਸੈਕਟਰੀ ਨੇ ਵੀ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਸ਼ਾਂਤੀ ਦਾ ਪੁੰਜ ਹੈ, ਫਿਰ ਕਿਸ ਆਧਾਰ 'ਤੇ ਡੀ. ਜੀ. ਪੀ. ਵਲੋਂ ਇਹ ਬਿਆਨ ਦਿੱਤਾ ਗਿਆ ਹੈ। ਕੈਪਟਨ ਕਹਿੰਦੇ ਹਨ ਕਿ ਗਲਤੀ ਸਭ ਤੋਂ ਹੋ ਜਾਂਦੀ ਹੈ ਪਰ ਤਿੰਨ ਸਾਲਾਂ ਵਿਚ ਕੀ ਕਾਂਗਰਸ ਤੋਂ ਹੀ ਗਲਤੀਆਂ ਹੋ ਰਹੀਆਂ ਹਨ। ਮਾਨ ਨੇ ਕਿਹਾ ਕਿ ਡੀ. ਜੀ. ਪੀ. ਪਹਿਲਾਂ ਇਹ ਦੱਸਣ ਕਿ ਅਰੂਸਾ ਨੂੰ ਪੰਜਾਬ ਵਿਚ ਕਿਹੜੀ ਲੋੜ ਹੈ, ਜਿਹੜੀ ਉਹ ਮੁੱਖ ਮੰਤਰੀ ਦੇ ਘਰ ਵਿਚ ਰਹਿ ਰਹੀ ਹੈ। ਡੀ. ਜੀ. ਪੀ. ਨਾਲ ਅਰੂਸਾ ਦਾ ਬੈਠਣਾ ਵੀ ਸ਼ੱਕੀ ਹੈ ਅਤੇ ਇਸ 'ਤੇ ਕੈਪਟਨ ਨੂੰ ਮਾਮਲਾ ਸਪੱਸ਼ਟ ਕਰਨਾ ਚਾਹੀਦਾ ਹੈ।