ਮੁੱਖ ਮੰਤਰੀ ਕੋਲ ਪੁੱਜੀ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਸਬੰਧੀ ਫਾਈਲ
Monday, Nov 11, 2019 - 11:16 AM (IST)

ਲੁਧਿਆਣਾ (ਹਿਤੇਸ਼) : ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਸਬੰਧੀ ਲੰਬੇ ਸਮੇਂ ਤੋਂ ਲਟਕ ਰਹੀ ਯੋਜਨਾ ਨੂੰ ਲਾਗੂ ਕਰਨ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਦੇ ਤਹਿਤ ਟੈਂਡਰ ਲਾਉਣ ਦੀ ਮਨਜ਼ੂਰੀ ਲੈਣ ਲਈ ਫਾਈਲ ਮੁੱਖ ਮੰਤਰੀ ਕੋਲ ਪੁੱਜ ਗਈ ਹੈ ਅਤੇ ਕੈਬਨਿਟ ਦੀ ਹਰੀ ਝੰਡੀ ਮਿਲਣ ਦੇ ਨਾਲ ਹੀ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬੁੱਢੇ ਨਾਲ 'ਚ ਸੀਵਰੇਜ ਅਤੇ ਇੰਡਸਟਰੀਅਲ ਯੂਨਿਟਾਂ ਦਾ ਪਾਣੀ ਟਰੀਟਮੈਂਟ ਦੇ ਬਿਨਾਂ ਡਿਗਣ ਕਾਰਨ ਮਾਲਵਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਬੀਮਾਰੀਆਂ ਫੈਲਣ ਦੀ ਸਮੱਸਿਆ ਆ ਰਹੀ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਡਾਇੰਗ ਯੂਨਿਟਾਂ ਲਈ ਵੱਖ ਤੋਂ ਸੀ. ਈ. ਟੀ. ਪੀ. ਲਾਉਣ ਦਾ ਕੰਮ ਚੱਲ ਰਿਹਾ ਹੈ, ਜਦੋਂ ਕਿ ਨਗਰ ਨਿਗਮ ਦੇ ਸੀਵਰੇਜ ਟ੍ਰੀਟਮੈਂਟ ਪਲਾਟਾਂ ਦੀ ਸਮਰੱਥਾ ਅਤੇ ਟੈਕਨਾਲੋਜੀ ਅਪਗ੍ਰੇਡ ਕਰਨ ਦੀ ਲੋੜ ਦੱਸੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਗਰਾਊਂਡ ਪੱਧਰ 'ਤੇ ਸਰਵੇ ਕਰਵਾਉਣ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤੀ ਗਈ ਹੈ, ਜਿਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਕੈਬਨਿਟ 'ਚ ਪ੍ਰਸਤਾਵ ਪੇਸ਼ ਕੀਤਾ ਜਾਵੇਗਾ ਅਤੇ ਉੱਥੋਂ ਮੋਹਰ ਲੱਗਣ ਤੋਂ ਬਾਅਦ ਟੈਂਡਰ ਲਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ।