ਬੁੱਢਾ ਨਾਲਾ ਪ੍ਰਦੂਸ਼ਿਤ ਹੋਣ ''ਚ ਇੰਡਸਟਰੀਅਲ ਐਫੂਲੈਂਟ ਜ਼ਿੰਮੇਵਾਰ

05/02/2019 2:09:13 PM

ਲੁਧਿਆਣਾ (ਨਿਤਿਨ ਧੀਮਾਨ) - ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵਲੋਂ ਪੰਜਾਬ ਵਿਚਲੇ ਪ੍ਰਦੂਸ਼ਣ ਦੀ ਜਾਂਚ ਲਈ ਗਠਿਤ ਕੀਤੀ ਗਈ ਕਮੇਟੀ ਦੇ ਚੇਅਰਮੈਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਪ੍ਰੀਤਮ ਪਾਲ ਨੇ ਕਮੇਟੀ ਦੇ ਮੈਂਬਰਾਂ ਨਾਲ ਲੁਧਿਆਣਾ ਦੇ ਕਈ ਸਥਾਨਾਂ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਤਾਜਪੁਰ ਰੋਡ 'ਤੇ ਡੇਅਰੀ ਕੰਪਲੈਕਸ, ਨਗਰ ਨਿਗਮ ਦੇ ਸੀਵਰੇਜ ਟਰੀਟਮੈਂਟ ਪਲਾਂਟ (ਐਸ. ਟੀ. ਪੀ.) ਦੇ ਨਾਲ ਲਗਦੇ ਬੁੱਢੇ ਨਾਲੇ ਦਾ ਦੌਰਾ ਕੀਤਾ , ਜਿਸ ਦੌਰਾਨ ਪਲਾਂਟ ਬੰਦ ਸੀ। ਤਾਜਪੁਰ ਦੇ ਡਾਇੰਗ ਕਾਰੋਬਾਰੀ 1 ਮਈ ਭਾਵ ਲੇਬਰ-ਡੇ ਦਾ ਬਹਾਨਾ ਲਗਾ ਕੇ ਫੈਕਟਰੀਆਂ ਬੰਦ ਕਰਕੇ ਖਿਸਕ ਗਏ। ਡਾਇੰਗ ਕਾਰੋਬਾਰੀਆਂ ਨੂੰ ਪਤਾ ਸੀ ਕਿ ਐੱਨ. ਜੀ. ਟੀ. ਦੀ ਟੀਮ ਉਨ੍ਹਾਂ ਦੀਆਂ ਫੈਕਟਰੀਆਂ ਦਾ ਅਚਾਨਕ ਨਿਰੀਖਣ ਕਰੇਗੀ। ਦੁਪਹਿਰ ਬਾਅਦ ਉਨ੍ਹਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਸਰਕਾਰੀ ਤੰਤਰ ਫੇਲ ਹੋ ਚੁੱਕਾ ਹੈ ਤੇ ਇਸ ਦੇ ਕਾਰਨ ਲੁਧਿਆਣਾ ਪ੍ਰਦੂਸ਼ਿਤ ਹੈ। ਉਨ੍ਹਾਂ ਨੇ ਸਾਫ ਸ਼ਬਦਾਂ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਨਿਗਮ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ। ਇਹੀ ਨਹੀਂ ਰਿਟਾ. ਜਸਟਿਸ ਪ੍ਰੀਤਮ ਪਾਲ ਨੇ ਇਥੋਂ ਤਕ ਸਪੱਸ਼ਟ ਬੋਲ ਦਿੱਤਾ ਕਿ ਕੈਂਸਰ ਵਰਗੀਆਂ ਬੀਮਾਰੀਆਂ ਫੈਲਾਉਣ 'ਚ ਸਰਕਾਰੀ ਤੰਤਰ ਦਾ ਹੱਥ ਹੈ।

ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਅਫਸਰਾਂ ਦੀ ਮਿਲੀਭੁਗਤ ਦੇ ਬਿਨਾਂ ਲੁਧਿਆਣਾ ਇੰਨਾ ਪ੍ਰਦੂਸ਼ਿਤ ਨਹੀਂ ਹੋ ਸਕਦਾ। ਪਿੱਛੇ ਕੀ ਹੋਇਆ ਹੈ, ਉਸ 'ਤੇ ਨਾ ਜਾਂਦੇ ਹੋਏ ਹੁਣ ਅੱਗੇ ਸੁਧਾਰ ਕਰਨ ਦੇ ਬਾਰੇ 'ਚ ਠੋਸ ਯੋਜਨਾ ਬਣਾਉਣਗੇ। ਇਸ ਯੋਜਨਾ ਨੂੰ ਕੋਈ ਸਰਕਾਰੀ ਤੰਤਰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਲੁਧਿਆਣਾ ਦੇ ਪ੍ਰਦੂਸ਼ਣ ਨੂੰ ਦੇਖ ਕੇ ਖਾਸੇ ਨਾਰਾਜ਼ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਰੋੜਾਂ ਦੀ ਗ੍ਰਾਂਟ ਸਰਕਾਰੀ ਅਫਸਰਾਂ ਨੇ ਪਾਣੀ 'ਚ ਵਹਾ ਦਿੱਤੀ ਹੈ ਅਤੇ ਉਹ ਹੁਣ ਆਪਣੇ ਤਰੀਕੇ ਨਾਲ ਡਾਇੰਗ ਇੰਡਸਟਰੀ ਦੀ ਜਾਂਚ ਕਰਵਾਉਣਗੇ। ਫਿਲਹਾਲ ਇਕ ਐਕਸ਼ਨ ਪਲਾਨ ਬਣਾ ਦਿੱਤਾ ਗਿਆ ਹੈ, ਜਿਸ ਨੂੰ ਜਲਦ ਹੀ ਇੰਪਲੀਮੈਂਟ 'ਚ ਲਿਆ ਦਿੱਤਾ ਜਾਵੇਗਾ। ਇਸ ਦੌਰਾਨ ਐੱਨ. ਜੀ. ਟੀ. ਦੀ ਟੀਮ 'ਚ ਵਾਤਾਵਰਣ ਵਿਦ ਸੰਤ ਸੀਚੇਵਾਲ, ਰਿਟਾਇਰਡ ਚੀਫ ਸੈਕਟਰੀ ਐੱਸ. ਸੀ. ਅਗਰਵਾਲ, ਰਿਟਾ. ਮੈਂਬਰ ਸੈਕਟਰੀ ਬਾਬੂ ਰਾਮ ਤੋਂ ਇਲਾਵਾ ਨਗਰ ਨਿਗਮ ਤੇ ਹੋਰ ਪ੍ਰਦੂਸ਼ਣ ਬੋਰਡ ਦੇ ਅਫਸਰ ਮੌਜੂਦ ਸਨ।

PunjabKesari

ਤਾਜਪੁਰ ਰੋਡ 'ਤੇ ਪੰਜ ਗੈਰ-ਕਾਨੂੰਨੀ ਸੀਵਰੇਜ ਪੁਆਇੰਟ ਕਰਵਾਏ ਬਲਾਕ
ਨਗਰ ਨਿਗਮ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰਾਂ ਦੇ ਚਿਹਰੇ ਦੇ ਰੰਗ ਉਸ ਸਮੇਂ ਉੱਡ ਗਏ ਜਦ ਐੱਨ. ਜੀ. ਟੀ. ਦੀ ਟੀਮ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਤਾਜਪੁਰ ਰੋਡ 'ਤੇ ਬਣੇ ਸੀਵਰੇਜ ਦੇ ਗੈਰ-ਕਾਨੂੰਨੀ ਪੁਆਇੰਟਾਂ ਨੂੰ ਦੇਖਿਆ। ਇਸ 'ਤੇ ਪ੍ਰਦੂਸ਼ਣ ਬੋਰਡ ਦੇ ਚੀਫ ਇੰਜੀ. ਗੁਲਸ਼ਨ ਰਾਏ ਤੇ ਐਕਸੀਅਨ ਪਰਮਜੀਤ ਸਿੰਘ ਬੋਲ ਉਠੇ ਕਿ ਉਥੇ ਕੋਈ ਗੈਰ-ਕਾਨੂੰਨੀ ਪੁਆਇੰਟ ਨਹੀਂ ਹਨ। ਜਦ ਉਨ੍ਹਾਂ ਨੂੰ ਦਿਖਾਇਆ ਗਿਆ ਕਿ ਗੈਰ-ਕਾਨੂੰਨੀ ਪੁਆਇੰਟ ਨੂੰ 'ਜਗ ਬਾਣੀ' 6 ਮਹੀਨੇ ਪਹਿਲਾਂ ਛਾਪ ਚੁੱਕੀ ਹੈ ਤਾਂ ਇਸ 'ਤੇ ਆਪਣੇ ਬਚਾਅ 'ਚ ਆਉਂਦੇ ਹੋਏ ਗੁਲਸ਼ਨ ਰਾਏ ਨੇ ਕਿਹਾ ਕਿ ਤੁਸੀਂ ਸਾਨੂੰ ਪੁਆਇੰਟ ਦਿਖਾਓ ਅਸੀਂ ਬੰਦ ਕਰਵਾ ਦੇਵਾਂਗੇ। 'ਜਗ ਬਾਣੀ' ਟੀਮ ਦੇ ਨਾਲ ਜਦ ਨਗਰ ਨਿਗਮ ਤੇ ਪ੍ਰਦੂਸ਼ਣ ਬੋਰਡ ਦੇ ਅਫਸਰਾਂ ਨੂੰ ਗੈਰ-ਕਾਨੂੰਨੀ ਪੁਆਇੰਟ ਦਿਖਾਏ ਗਏ ਤਾਂ ਸਭ ਦੇ ਬੁੱਲ੍ਹਾਂ 'ਤੇ ਸਿੱਕਰੀ ਜੰਮ ਗਈ। 'ਸਭ ਕੁਝ ਸਹੀ ਚੱਲ ਰਿਹਾ ਹੈ' ਕਹਿਣ ਵਾਲੇ ਅਫਸਰਾਂ ਨੇ ਆਪਣੀ ਖੱਲ ਬਚਾਉਣ ਲਈ ਇਕ-ਦੂਜੇ 'ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਘਬਰਾਹਟ 'ਚ ਨਗਰ ਨਿਗਮ ਦੇ ਅਫਸਰਾਂ ਨੇ ਕਿਹਾ ਕਿ ਇਨ੍ਹਾਂ ਸੀਵਰੇਜ ਨੂੰ ਪਾਉਣ ਲਈ ਪ੍ਰਦੂਸ਼ਣ ਬੋਰਡ ਨੇ ਮਨਜ਼ੂਰੀ ਦਿੱਤੀ ਹੋਵੇਗੀ। ਉਧਰ, ਪ੍ਰਦੂਸ਼ਣ ਬੋਰਡ ਦੇ ਐਕਸੀਅਨ ਪਰਮਜੀਤ ਨੇ ਕਿਹਾ ਕਿ ਅਸੀਂ ਕੋਈ ਮਨਜ਼ੂਰੀ ਨਹੀਂ ਦਿੱਤੀ, ਇਹ ਸੀਵਰੇਜ ਕਿਥੋਂ ਆ ਰਿਹਾ ਹੈ, ਸਾਨੂੰ ਨਹੀਂ ਪਤਾ। ਮੌਕੇ 'ਤੇ ਤਾਜਪੁਰ ਰੋਡ ਡਾਇੰਡ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਬੌਬੀ ਜਿੰਦਲ ਵੀ ਆ ਗਏ ਤੇ ਉਨ੍ਹਾਂ ਨੇ ਘਬਰਾਹਟ 'ਚ ਕਿਹਾ ਕਿ ਇਹ ਗੈਰ-ਕਾਨੂੰਨੀ ਸੀਵਰੇਜ ਬਾਰੇ ਸਾਨੂੰ ਪਤਾ ਨਹੀਂ। ਫਿਲਹਾਲ ਸੀਵਰੇਜ ਦੇ ਪੰਜ ਪੁਆਇੰਟਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਇਸ 'ਤੇ ਜਦ ਰਿਟਾ. ਜਸਟਿਸ ਪ੍ਰੀਤਮ ਪਾਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਅਫਸਰਾਂ 'ਤੇ ਕਾਰਵਾਈ ਕੀਤੀ ਜਾਵੇਗੀ।

ਐੱਨ. ਜੀ. ਟੀ. ਦੀ ਟੀਮ ਨੇ ਕੀ-ਕੀ ਕਰਨ ਦੇ ਦਿੱਤੇ ਨਿਰਦੇਸ਼
. ਤੁਰੰਤ ਮੈਡੀਕਲ ਕੈਂਪ ਲਾ ਕੇ ਪਤਾ ਕਰਵਾਇਆ ਜਾਵੇ ਕਿ ਸਤਲੁਜ ਤੇ ਬੁੱਢੇ ਨਾਲੇ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਬੀਮਾਰੀ ਦਾ ਕਾਰਨ ਕੀ ਹੈ।
. ਸ਼ਹਿਰ ਦੇ ਲਗਭਗ ਇਕ ਦਰਜਨ ਪੁਆਇੰਟਾਂ ਤੋਂ ਪਾਣੀ ਦੇ ਭਰੇ ਸੈਂਪਲਾਂ ਦੀ ਰਿਪੋਰਟ ਜਲਦ ਦੇਣ ਨੂੰ ਕਿਹਾ।
. ਤਾਜਪੁਰ ਰੋਡ 'ਤੇ ਲੱਗੇ ਐੱਸ. ਟੀ. ਪੀ. ਪਲਾਂਟ ਦੇ ਵੀ ਸੈਂਪਲ ਲਏ ਤੇ ਕੱਲ ਫਿਰ ਮਤਲਬ ਵੀਰਵਾਰ ਨੂੰ ਜਦ ਡਾਇੰਗ ਇੰਡਸਟਰੀ ਚੱਲੇਗੀ ਤਦ ਫਿਰ ਸੈਂਪਲ ਭਰਨ ਦੇ ਆਦੇਸ਼ ਦਿੱਤੇ ਤਾਂ ਕਿ ਪਤਾ ਲੱਗ ਸਕੇ ਕਿ ਇੰਡਸਟਰੀ ਬੰਦ ਹੋਣ ਦੇ ਬਾਅਦ ਕਿੰਨਾ ਬੀ. ਓ. ਡੀ. ਤੇ ਸੀ. ਓ. ਡੀ. ਲੈਵਲ ਸੀ ਤੇ ਇੰਡਸਟਰੀ ਦਾ ਪਾਣੀ ਆਉਣ ਤੋਂ ਬਾਅਦ ਕਿੰਨਾ ਹੋਇਆ।
. ਨਗਰ ਨਿਗਮ ਅਫਸਰਾਂ ਨੂੰ ਕਿਹਾ ਕਿ ਤੁਰੰਤ ਰਿਪੋਰਟ ਬਣਾ ਕੇ ਦੱਸਿਆ ਜਾਵੇ ਕਿ ਕਿਸੇ ਤਕਨੀਕ ਦੇ ਨਾਲ ਪੰਜੇ ਐੱਸ. ਟੀ. ਪੀ. ਪਲਾਂਟ ਅੱਪਗ੍ਰੇਡ ਹੋਣਗੇ।
. ਤਿੰਨੇ ਇੰਡਸਟਰੀ ਸੀ. ਈ. ਟੀ. ਪੀ. ਪਲਾਂਟ ਕਦ ਚਾਲੂ ਹੋਣਗੇ, ਉਨ੍ਹਾਂ ਦੀ ਰਿਪੋਰਟ ਵੀ ਦਿੱਤੀ ਜਾਵੇ।

ਇਲੈਕਟ੍ਰੋਪਲੇਟਿੰਗ ਇੰਡਸਟਰੀ ਦੀ ਵੀ ਕਰਵਾਈ ਜਾਵੇਗੀ ਜਾਂਚ
ਰਿਟਾ. ਜਸਟਿਸ ਪ੍ਰੀਤਮ ਪਾਲ ਨੇ ਕਿਹਾ ਕਿ ਇਲੈਕਟ੍ਰੋਪਲੇਟਿੰਗ ਇੰਡਸਟਰੀ ਦੀ ਵੀ ਵਿਸਥਾਰ ਨਾਲ ਜਾਂਚ ਕਰਵਾਈ ਜਾਵੇਗੀ। ਇਸ ਵਿਚ ਪਤਾ ਲਾਇਆ ਜਾਵੇਗਾ ਕਿ ਇੰਡਸਟਰੀ ਕਿੰਨਾ ਪਾਣੀ ਕੱਢਦੀ ਹੈ ਤੇ ਕਿੰਨਾ ਪਾਣੀ ਸੀ. ਈ. ਟੀ. ਪੀ. ਪਲਾਂਟ 'ਤੇ ਭੇਜਦੀ ਹੈ। ਜੇਕਰ ਕਿਸੇ ਇੰਡਸਟਰੀ 'ਚ ਗੜਬੜੀ ਪਾਈ ਗਈ ਤਾਂ ਉਨ੍ਹਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਜਾਣਗੇ। ਉਨ੍ਹਾਂ ਨੇ ਇਲੈਕਟ੍ਰੋਪਲੇਟਿੰਗ ਦੇ ਸੀ. ਈ. ਟੀ. ਪੀ. ਨੂੰ ਆਪ੍ਰੇਟ ਕਰਨ ਵਾਲੀ ਜੇ. ਬੀ. ਆਰ. ਕੰਪਨੀ ਨੂੰ ਵਿਸਥਾਰ ਨਾਲ ਡਿਟੇਲ ਦੇਣ ਨੂੰ ਕਿਹਾ ਹੈ।


rajwinder kaur

Content Editor

Related News