‘ਬਾਦਲਾਂ ਦੇ ਕੁਰਸੀ ਮੋਹ ਅਤੇ ਭਾਜਪਾ ਦੇ ਵਪਾਰੀ ਮੋਹ ਵਿਚ ਪਿਸ ਰਹੇ ਹਨ ਕਿਸਾਨ’

Monday, Aug 24, 2020 - 12:10 PM (IST)

ਮੋਹਾਲੀ (ਪਰਦੀਪ) - ਕਿਸਾਨਾਂ ਲਈ ਸਤੰਬਰ ਵਿਚ ਆਉਣ ਵਾਲਾ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਘਾਤਕ ਸਾਬਤ ਹੋਵੇਗਾ, ਕਿਉਂਕਿ ਇਸ ਸੈਸ਼ਨ ਵਿਚ ਉਸ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਕਾਨੂੰਨ ਬਣਾ ਕੇ ਪੱਕੇ ਤੌਰ ’ਤੇ ਪਾਸ ਕੀਤਾ ਜਾਵੇਗਾ, ਜਿਸ ਨੂੰ ਕਿ ਪਹਿਲਾਂ ਹੀ ਮੋਦੀ ਕੈਬਨਿਟ ਵਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਕਿਸਾਨਾਂ ਦੇ ਇਕ ਵਫਦ ਨਾਲ ਮੀਟਿੰਗ ਉਪਰੰਤ ਕੀਤਾ।

ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਸੰਸਦ ਵਿਚ ਕਾਨੂੰਨ ਬਣ ਗਿਆ ਤਾਂ ਇਸ ਨਾਲ ਕਿਸਾਨ, ਮਜ਼ਦੂਰ ਅਤੇ ਆੜ੍ਹਤੀ ਵਰਗ ਦੀ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਆਪਣੀ ਮਨਮਰਜ਼ੀ ਨਾਲ ਲੁੱਟ ਕਰਨ ਵਾਸਤੇ ਖੁੱਲ੍ਹ ਮਿਲ ਜਾਵੇਗੀ ਅਤੇ ਕਿਸਾਨਾਂ ਨੂੰ ਆਪਣੀ ਫਸਲ ਅਤੇ ਮਿਹਨਤ ਦਾ ਸਹੀ ਮੁੱਲ ਨਹੀਂ ਮਿਲ ਸਕੇਗਾ, ਜਿਸ ਕਾਰਣ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਅੰਨਦਾਤਾ ਹੋਰ ਕਰਜ਼ੇ ਦੀ ਮਾਰ ਹੇਠਾਂ ਆ ਜਾਵੇਗਾ।

ਬੱਬੀ ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕਿਸਾਨਾਂ ਅਤੇ ਸੂਬੇ ਦੇ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅਕਾਲੀ ਦਲ ਨੂੰ ਬਾਦਲਾਂ ਨੇ ਹਾਈਜੈਕ ਕਰ ਕੇ ਕੁਰਸੀ ਅਤੇ ਵਪਾਰੀ ਮੋਹ ਵਿਚ ਕਿਸਾਨ ਵਿਰੋਧੀ ਆਰਡੀਨੈਂਸ ਉੱਤੇ ਮੋਦੀ ਕੈਬਨਿਟ ਵਿਚ ਦਸਤਖਤ ਕਰ ਕੇ ਪਹਿਲਾਂ ਹੀ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਅੱਜ ਇਹ ਪੰਜਾਬ ਵਿਚ ਆ ਕੇ ਕਿਸਾਨ ਹਿਤੈਸ਼ੀ ਹੋਣ ਦੇ ਡਰਾਮੇ ਕਰ ਰਿਹੇ ਹਨ, ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ।

ਬੱਬੀ ਬਾਦਲ ਨੇ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨੂੰ ਬਚਾਉਣ ਲਈ ਸਿਆਸੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਲੜਾਈ ਲੜਨ ਤਾਂ ਜੋ ਇਸ ਕਿਸਾਨ ਵਿਰੋਧੀ ਬਿੱਲ ਨੂੰ ਸੰਸਦ ਵਿਚ ਪਾਸ ਨਾ ਕੀਤਾ ਜਾ ਸਕੇ ।


rajwinder kaur

Content Editor

Related News