'ਜਗ ਬਾਣੀ' ਨੇ ਪੇਡ ਖਬਰ ਨਹੀਂ ਛਾਪੀ ਤੇ ਨਾ ਹੀ ਬਸਪਾ ਨੇ ਪੈਸੇ ਦਿੱਤੇ : ਰਾਜਾ ਨਨਹੇੜੀਆਂ
Monday, May 20, 2019 - 02:30 PM (IST)

ਮੋਹਾਲੀ/ਕੁਰਾਲੀ (ਨਿਆਮੀਆਂ, ਬਠਲਾ) : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕਤਰ ਰਜਿੰਦਰ ਸਿੰਘ ਨਨਹੇੜੀਆਂ ਨੇ ਇਥੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਮੀਡੀਆ ਨੂੰ ਇਹ ਬਿਆਨ ਨਹੀਂ ਦਿੱਤਾ ਕਿ 'ਜਗ ਬਾਣੀ' 'ਚ ਪੇਡ ਖਬਰਾਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀਆਂ ਖਬਰਾਂ ਹਮੇਸ਼ਾਂ ਹੀ ਵਧੀਆ ਤਰੀਕੇ ਨਾਲ 'ਜਗ ਬਾਣੀ' ਅਤੇ 'ਪੰਜਾਬ ਕੇਸਰੀ' 'ਚ ਛਪਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਦੇ ਵੀ ਖਬਰਾਂ ਲਈ ਉਨ੍ਹਾਂ ਨੇ ਨਾ ਕਿਸੇ ਨੂੰ ਪੈਸੇ ਦਿੱਤੇ ਹਨ ਅਤੇ ਨਾ ਹੀ ਕਿਸੇ ਨੇ ਪੈਸੇ ਮੰਗੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਦੀ ਕੋਈ ਖਬਰ 'ਜਗ ਬਾਣੀ' 'ਚ ਛਪਣੋਂ ਰਹਿ ਗਈ ਸੀ, ਜਿਸ ਕਰ ਕੇ ਉਨ੍ਹਾਂ ਦੇ ਪਾਰਟੀ ਵਰਕਰਾਂ 'ਚ ਗੁੱਸਾ ਸੀ, ਇਸੇ ਕਰ ਕੇ ਖਰੜ ਵਿਖੇ ਉਨ੍ਹਾਂ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ, ਹੁਣ ਇਹ ਗੱਲ ਕਲੀਅਰ ਹੋ ਚੁੱਕੀ ਹੈ ਅਤੇ ਪਾਰਟੀ ਦੇ ਕਿਸੇ ਵਰਕਰ ਦੇ ਮਨ ਵਿਚ 'ਜਗ ਬਾਣੀ' ਪ੍ਰਤੀ ਕੋਈ ਰੰਜਿਸ਼ ਨਹੀਂ। 'ਜਗ ਬਾਣੀ' ਹਰ ਇਕ ਪਾਰਟੀ ਵਾਂਗ ਬਸਪਾ ਦਾ ਵੀ ਹਮੇਸ਼ਾਂ ਸਾਥ ਦਿੰਦਾ ਰਿਹਾ ਹੈ ਅਤੇ ਉਹ ਭਵਿੱਖ 'ਚ ਵੀ ਅਜਿਹੀ ਹੀ ਉਮੀਦ ਕਰਦੇ ਹਨ ਅਤੇ ਉਨ੍ਹਾਂ ਨੂੰ ਯਕੀਨ ਵੀ ਹੈ। ਉਨ੍ਹਾਂ ਕਿਹਾ ਕਿ ਬਸਪਾ ਦੇ ਹਵਾਲੇ ਨਾਲ ਜੋ 'ਜਗ ਬਾਣੀ' ਵਿਚ ਪੇਡ ਖਬਰਾਂ ਲੱਗਣ ਦੀਆਂ ਖਬਰਾਂ ਆਈਆਂ ਹਨ, ਉਹ ਮਨਘੜਤ ਹਨ ਤੇ ਉਨ੍ਹਾਂ ਵਿਚ ਕੋਈ ਸੱਚਾਈ ਨਹੀਂ। ਇਸ ਮੌਕੇ ਨਛੱਤਰ ਸਿੰਘ ਜ਼ਿਲਾ ਇੰਚਾਰਜ, ਹਰਨੇਕ ਸਿੰਘ ਦੀਪਪੁਰੀ ਜ਼ੋਨ ਇੰਚਾਰਜ, ਕਰਮਜੀਤ ਸਿੰਘ ਦਫਤਰ ਇੰਚਾਰਜ, ਅਲਕਾਦਾਸ ਜ਼ਿਲਾ ਸੈਕਟਰੀ ਤੇ ਹਰਦੀਪ ਸਿੰਘ ਨੌਜਵਾਨ ਆਗੂ ਹਾਜ਼ਰ ਸਨ।