ਬਸਪਾ ਵੱਲੋਂ ਕੈਬਨਿਟ ਮੰਤਰੀ ਧਰਮਸੌਤ ਦੀ ਬਰਖਾਸਤਗੀ ਲਈ ਰੋਸ ਮਾਰਚ
Thursday, Oct 29, 2020 - 01:04 AM (IST)
ਜਲੰਧਰ, (ਮਹੇਸ਼)- ਬਸਪਾ ਪੰਜਾਬ ਵੱਲੋਂ ਪੰਜਾਬ ਵਿਚ ਲਗਾਤਾਰ ਚੱਲ ਰਹੇ ਰੋਸ ਮਾਰਚਾਂ ਦੀ ਲੜੀ ਵਿਚ ਨੌਵਾਂ ਪ੍ਰੋਗਰਾਮ ਅੱਜ ਜਲੰਧਰ ਵਿਖੇ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਬਸਪਾ ਵਰਕਰਾਂ ਦਾ ਵਿਸ਼ਾਲ ਇਕੱਠ ਬੂਟਾਂ ਮੰਡੀ ਵਿਖੇ ਹੋਇਆ ਜਿੱਥੇ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ। ਜਲੰਧਰ ਦੀ ਸਮੁੱਚੀ ਬਸਪਾ ਲੀਡਰਸ਼ਿਪ ਨੇ ਤੇਜ਼ ਤਕਰੀਰਾਂ ਕੀਤੀਆਂ। ਬਾਅਦ ਵਿਚ ਬਸਪਾ ਨੇ ਚਾਰਾ ਮੰਡੀ ਤੋਂ ਅੰਬੇਡਕਰ ਚੌਕ ਤਕ ਨੀਲੇ ਝੰਡੇ ਤੇ ਤਖਤੀਆਂ ਨਾਲ ਵਿਸ਼ਾਲ ਰੋਸ ਮਾਰਚ ਕੀਤਾ। ਇਸ ਮੌਕੇ ‘ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਬਰਖਾਸਤ ਕਰੋ’ ਦੇ ਨਾਅਰੇ ਗੂੰਜਦੇ ਰਹੇ ।
ਇਕੱਠ ਨੂੰ ਸੰਬੋਧਨ ਕਰਦਿਆਂ ਬੈਨੀਵਾਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਭਾਜਪਾ ਕੋਲ ਕੋਈ ਮੁੱਦਾ ਨਹੀਂ ਹੈ, ਦਲਿਤਾਂ ਦੇ ਨਾਂ ’ਤੇ ਯਾਤਰਾ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਮੂਰਤੀਆਂ ਨੂੰ ਫੁੱਲਾਂ ਦੇ ਹਾਰ ਪਾਉਣ ਦੇ ਮਾਮਲੇ ਨੂੰ ਮੁੱਦਾ ਬਣਾਉਣਾ ਭਾਜਪਾ ਦੀ ਸਿਆਸੀ ਅਸਫ਼ਲਤਾ ਹੈ। ਇਸ ਨੂੰ ਲੁਕਾਉਣ ਲਈ ਭਾਜਪਾ ਦੇ ਛੋਟੇ ਵਰਕਰ ਤੋਂ ਲੈ ਕੇ ਰਾਸ਼ਟਰੀ ਪ੍ਰਧਾਨ ਤਕ ਝੂਠ ਬੋਲ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਵਿਪੁਲ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ 73 ਸਾਲਾਂ ਤੋਂ ਲਗਾਤਾਰ ਓ. ਬੀ. ਸੀ. ਵਰਗਾਂ ਨਾਲ ਧੱਕਾ ਹੋ ਰਿਹਾ ਹੈ। ਅੱਜ ਤਕ ਪੰਜਾਬ ਵਿਚ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋ ਸਕੀ।
ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਹਿੱਤ, ਮੰਡਲ ਕਮਿਸ਼ਨ ਰਿਪੋਰਟ ਲਈ, ਸਾਧੂ ਸਿੰਘ ਧਰਮਸੌਤ ਦੀ ਬਰਖਾਸਤੀ ਹਿੱਤ, ਕਿਸਾਨਾਂ ਦੇ ਸਮਰਥਨ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਆਦਿ ਪੰਜਾਬ ਵਿਚ ਲਗਾਤਾਰ ਉਦੋਂ ਤਕ ਜਾਰੀ ਰੱਖੇਗੀ ਜਦੋਂ ਤਕ ਦਲਿਤਾਂ, ਪੱਛੜਿਆਂ, ਘੱਟ ਗਿਣਤੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਮਿਲ ਜਾਂਦੇ।
ਇਸ ਮੌਕੇ ਗੁਰਮੇਲ ਚੁੰਬਰ, ਬਲਵਿੰਦਰ ਕੁਮਾਰ, ਡਾ. ਨਛੱਤਰ ਪਾਲ, ਭਗਵਾਨ ਸਿੰਘ ਚੌਹਾਨ, ਪਰਮਜੀਤ ਮੱਲ, ਐਡਵੋਕੇਟ ਵਿਜੈ ਬੱਧਣ, ਰਾਜੇਸ਼ ਕੁਮਾਰ, ਡਾ. ਸੁਖਬੀਰ ਸਲਾਰਪੁਰ, ਰਾਜਿੰਦਰ ਰੀਹਲ, ਪੀ. ਡੀ. ਸ਼ਾਂਤ, ਅੰਮ੍ਰਿਤਪਾਲ ਭੌਂਸਲੇ, ਵਿਜੈ ਯਾਦਵ, ਤਰਸੇਮ ਥਾਪਰ, ਜਗਦੀਸ਼ ਸ਼ੇਰਪੁਰੀ, ਸਵਰਨ ਸਿੰਘ ਕਲਿਆਣ, ਜਤਿੰਦਰ ਕੁਮਾਰ ਹੈਪੀ, ਦਵਿੰਦਰ ਗੋਗਾ, ਰਣਜੀਤ ਕੁਮਾਰ, ਸੋਮ ਲਾਲ, ਵਰਿੰਦਰ ਕੁਮਾਰ, ਜਸਵੰਤ ਰਾਏ, ਦੇਵ ਰਾਜ ਸੁਮਨ, ਸੁਖਵਿੰਦਰ ਬਿੱਟੂ, ਰਾਜਕੁਮਾਰ ਭੁੱਟੋਂ, ਬਲਵਿੰਦਰ ਬਾਉਪੁਰ, ਸੁਭਾਸ਼ ਚੰਦਰ, ਚਰਨਜੀਤ ਨਾਹਰ, ਲਲਿਤ ਕੁਮਾਰ, ਸੁੱਖ ਰਾਮ ਚੌਹਾਨ, ਰਾਮ ਸਰੂਪ ਚੰਬਾ, ਖੁਸ਼ੀ ਰਾਮ, ਸਤਪਾਲ ਬੱਧਣ, ਸਤਪਾਲ ਪਾਲਾ, ਬਲਵਿੰਦਰ ਰਲ, ਅਸ਼ੋਕ ਸੰਧੂ, ਕੁਲਦੀਪ ਬੰਗੜ, ਵਿਨੇ ਕੁਮਾਰ, ਹਰਮੇਸ਼ ਲਾਲ, ਪੰਮੀ ਰੁੜਕਾ, ਪ੍ਰਿਆ ਬੰਗਾ ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰ ਤੇ ਸਮਰਥਕ ਸ਼ਾਮਲ ਸਨ।