ਬਸਪਾ ਨੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ

Saturday, Mar 24, 2018 - 12:42 AM (IST)

ਬਸਪਾ ਨੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ

ਹੁਸ਼ਿਆਰਪੁਰ, (ਜਸਵਿੰਦਰਜੀਤ)- ਹੁਸ਼ਿਆਰਪੁਰ-ਟਾਂਡਾ ਸੜਕ 'ਤੇ ਸਥਿਤ ਪਿੰਡ ਹਰਦੋਖਾਨਪੁਰ ਦੇ ਅੱਡੇ 'ਤੇ ਬਹੁਜਨ ਸਮਾਜ ਪਾਰਟੀ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਬਿੱਟਾ ਜ਼ਿਲਾ ਇੰਚਾਰਜ ਬਸਪਾ ਅਤੇ ਦਲਜੀਤ ਸਿੰਘ ਰਾਏ ਜ਼ਿਲਾ ਇੰਚਾਰਜ ਬਸਪਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸੁਪਰੀਮ ਕੋਰਟ 'ਚ ਜੋ ਐੱਸ. ਸੀ. ਅਤੇ ਐੱਸ. ਟੀ. ਐਕਟ ਅਧੀਨ ਫੈਸਲਾ ਆਇਆ ਹੈ, ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਇਸ ਪਿੱਛੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਆਰ. ਐੱਸ. ਐੱਸ. ਦਾ ਸਭ ਤੋਂ ਵੱਡਾ ਰੋਲ ਹੈ ਕਿਉਂਕਿ ਐੱਸ. ਸੀ., ਐੱਸ. ਟੀ. ਐਕਟ ਨੂੰ ਖਤਮ ਜਾਂ ਕਮਜ਼ੋਰ ਕਰਨ ਨਾਲ ਦਲਿਤਾਂ 'ਤੇ ਬਹੁਤ ਹੀ ਜ਼ੁਲਮ ਜਾਂ ਤਸ਼ੱਦਦ ਵਧ ਜਾਣਗੇ। ਦਲਿਤ ਸਮਾਜ ਉਪਰ ਤਾਂ ਪਹਿਲਾਂ ਹੀ ਬਹੁਤ ਅੱਤਿਆਚਾਰ ਹੋ ਰਹੇ ਹਨ। ਉਪਰੋਕਤ ਬਸਪਾ ਆਗੂਆਂ ਨੇ ਕਿਹਾ ਕਿ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਨੂੰ ਪਹਿਲਾਂ ਭਾਰਤ ਦੇ ਪਿੰਡਾਂ 'ਚ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਉਪਰ ਪਹਿਲਾਂ ਹੀ ਬਹੁਤ ਜ਼ੁਲਮ ਤੇ ਅੱਤਿਆਚਾਰ ਹੋ ਰਹੇ ਹਨ। ਇਸ ਕਾਨੂੰਨ ਨੂੰ ਕਮਜ਼ੋਰ ਕਰਨ ਨਾਲ ਦਲਿਤ ਸਮਾਜ 'ਤੇ ਅੱਤਿਆਚਾਰ ਹੋਰ ਵੀ ਵਧਣਗੇ। ਆਖਿਰ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਫੈਸਲੇ ਨੂੰ ਵਿਚਾਰਨ ਲਈ ਦੁਬਾਰਾ ਗੌਰ ਨਾ ਕੀਤਾ ਤਾਂ ਪੂਰੇ ਪੰਜਾਬ 'ਚ ਬਹੁਜਨ ਸਮਾਜ ਪਾਰਟੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਦਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਇੰਦਰਜੀਤ ਖਾਨਪੁਰੀ, ਵਿਜੇ ਕੁਮਾਰ ਖਾਨਪੁਰੀ, ਸਤੀਸ਼ ਕੁਮਾਰ, ਸੁਖਦੇਵ ਰਾਜ, ਅਜੈ ਕੁਮਾਰ, ਸਨੀ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ ਅਤੇ ਹੋਰ ਬਸਪਾ ਦੇ ਸਾਥੀ ਹਾਜ਼ਰ ਸਨ।


Related News