BSNL ਵਰਕਰਜ਼ ਦੀ ਭੁੱਖ ਹੜਤਾਲ 10ਵੇਂ ਦਿਨ ''ਚ ਸ਼ਾਮਲ

Monday, Aug 19, 2019 - 08:02 PM (IST)

BSNL ਵਰਕਰਜ਼ ਦੀ ਭੁੱਖ ਹੜਤਾਲ 10ਵੇਂ ਦਿਨ ''ਚ ਸ਼ਾਮਲ

ਮਾਲੇਰਕੋਟਲਾ,(ਜ਼ਹੂਰ): ਬੀ. ਐਸ. ਐਨ. ਐਲ ਐਂਡ ਕੰਟਰੈਕਟ ਵਰਕਰ ਯੂਨੀਅਨ ਏਟਕ ਯੂਨੀਅਨ ਵੱਲੋਂ ਅਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਥਾਨਕ ਟੈਲੀਫੂਨ ਐਕਸਚੇਂਜ ਦੇ ਬਾਹਰ ਲੜੀਵਾਰ ਸ਼ੁਰੂ ਕੀਤੀ ਗਈ ਭੁੱਖ ਅੱਜ 10ਵੇਂ ਦਿਨ 'ਚ ਸ਼ਾਮਲ ਹੋ ਚੁੱਕੀ ਹੈ। ਤਹਿਸੀਲਦਾਰ ਬਾਦਲ ਦੀਨ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਟਾਵਰ ਤੋਂ ਥੱਲੇ ਉਤਰਨ ਲਈ ਕਿਹਾ ਪਰ ਧਰਨਾਕਾਰੀ ਉਦੋਂ ਤੱਕ ਧਰਨਾ ਜਾਰੀ ਰੱਖਣ ਤੇ ਡਟੇ ਰਹੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ। ਧਰਨਾਕਾਰੀਆਂ ਵੱਲੋਂ ਆਪਣੀਆਂ ਮੰਗਾਂ ਵਾਲਾ ਮੰਗ ਪੱਤਰ ਵੀ ਤਹਿਸੀਲਦਾਰ ਬਾਦਲ ਦੀਨ ਨੂੰ ਸੌਂਪਿਆ, ਜਿਸ ਤੇ ਉਨ੍ਹਾਂ ਭਰੋਸਾ ਦਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਯੂਨੀਅਨ ਦੇ ਤਿੰਨ ਆਗੂ ਅੱਜ ਚੌਥੇ ਦਿਨ ਵੀ 120 ਫੁੱਟ ਉੱਚੇ ਟਾਵਰ 'ਤੇ ਡਟੇ ਰਹੇ। ਯੂਨੀਅਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਰਕਰਾਂ ਨੂੰ ਪਿਛਲੇ 9 ਮਹੀਨਿਆਂ ਦੀ ਤਨਖਾਹ 'ਚੋਂ ਸਿਰਫ ਇੱਕ ਮਹੀਨੇ ਦੀ ਤਨਖਾਹ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ।

ਉਨ੍ਹਾਂ ਦੱਸਿਆ ਕਿ ਤਨਖਾਹ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ, ਬੱਚਿਆਂ ਨੂੰ ਪੜਾਉਣਾ, ਬਿਜਲੀ ਤੇ ਪਾਣੀ ਦੇ ਬਿੱਲ ਵਗੈਰਾ ਅਦਾ ਕਰਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਤਾਂ ਉਨ੍ਹਾਂ ਨੂੰ ਦੁਕਾਨਦਾਰ ਘਰੇਲੂ ਜ਼ਰੂਰਤ ਦਾ ਸਮਾਨ ਵੀ ਉਧਾਰ ਦੇਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੁਸ਼ਕਿਲਾਂ ਦੇ ਚੱਲਦਿਆਂ ਕਈ ਵਾਰ ਅਧਿਕਾਰੀਆਂ ਨੂੰ ਗੁਹਾਰ ਲਗਾ ਚੁੱਕੇ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਿਸ ਦੇ ਰੋਸ ਵਜੋਂ ਹੀ ਵਰਕਰਾਂ ਨੂੰ ਵਾਰ-ਵਾਰ ਰੋਸ ਪ੍ਰਦਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਦੇਸ਼ ਦੀ ਜਨਤਾ ਆਜ਼ਾਦੀ ਦਾ ਦਿਹਾੜਾ ਮਨਾ ਰਹੀ ਸੀ ਤਾਂ ਉਹਨਾਂ ਦੇ ਵਰਕਰ ਆਪਣੀ ਤਨਖਾਹ ਲੈਣ ਅਤੇ ਰੁਜਗਾਰ ਬਚਾਉਣ ਲਈ 15 ਅਗਸਤ ਤੋਂ ਤਿੰਨ ਵਰਕਰ ਤਹਿਸੀਲ ਪ੍ਰਧਾਨ ਮੇਵਾ ਸਿੰਘ ਤੱਖਰ ਕਲਾਂ, ਹਰਜਿੰਦਰ ਸਿੰਘ ਛਪਾਰ, ਸੁਖਵਿੰਦਰ ਸਿੰਘ ਗੁਆਰਾ ਐਕਸਚੇਂਜ ਅੰਦਰ ਲੱਗੇ 120 ਫੁੱਟ ਉੱਚੇ ਟਾਵਰ 'ਤੇ ਚੜ੍ਹੇ ਹੋਏ ਸਨ ਅਤੇ ਅੱਜ ਸਿਲਸਿਲੇਵਾਰ ਭੁੱਖ ਹੜਤਾਲ ਤੇ ਜਗਸੀਰ ਸਿੰਘ ਚੀਮਾ ਅਤੇ ਪਿਆਰਾ ਸਿੰਘ ਭੁਰਥਲਾ ਬੈਠੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜੀ.ਐਮ ਸੰਗਰੂਰ ਨੇ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਰੋਸ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕਰਨ ਲਈ ਯੋਜਨਾ ਉਲੀਕਣਗੇ। ਇਸ ਦੌਰਾਨ ਨਿਕਲਣ ਵਾਲੇ ਨਤੀਜ਼ੇ ਦੀ ਜਿੰਮੇਵਾਰੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।


Related News