ਬੀ. ਐੱਸ. ਐੱਫ. ਦੇ ਜਵਾਨ ਦੀ ਕਰਤੂਤ, ਅਫਸਰ ਨਾਲ ਬਣਾਓ ਸੰਬੰਧ ਨਹੀਂ ਤਾਂ ਫਸਾਵਾਂਗੇ ਦੇਸ਼ ਧ੍ਰੋਹ ਦੇ ਕੇਸ ’ਚ
Tuesday, Nov 29, 2022 - 06:30 PM (IST)
ਤਰਨਤਾਰਨ (ਰਮਨ) : ਬੀ. ਐੱਸ. ਐੱਫ. ਦੇ ਅਫਸਰ ਨਾਲ ਨਾਜਾਇਜ਼ ਸਬੰਧ ਨਾ ਬਣਾਉਣ ਕਾਰਨ ਹੈਰੋਇਨ ਅਤੇ ਦੇਸ਼ ਧ੍ਰੋਹ ਦੇ ਕੇਸਾਂ ’ਚ ਫਸਾਉਣ ਦੀ ਧਮਕੀ ਦੇਣ ਵਾਲੇ ਬੀ. ਐੱਸ. ਐੱਫ. ਦੇ ਜਵਾਨ ਸਮੇਤ 3 ਵਿਅਕਤੀਆਂ ਖ਼ਿਲਾਫ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਦਰਜ ਕੀਤੇ ਗਏ ਕੇਸ ’ਚ ਬਣਦੀਆਂ ਹੋਰ ਧਾਰਾਵਾਂ ਦਰਜ ਨਾ ਕੀਤੇ ਜਾਣ ਦੇ ਰੋਸ ਵਜੋਂ ਪਰਿਵਾਰ ਨੇ ਮੁੜ ਤੋਂ ਹਾਈ ਕੋਰਟ ਦੀ ਸ਼ਰਨ ਲੈਣ ਦੀ ਗੱਲ ਕਹੀ ਹੈ। ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਨਿਵਾਸੀ ਪਿੰਡ ਵਾਂ ਤਾਰਾ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ 22 ਸਤੰਬਰ ਤੋਂ ਲਗਾਤਾਰ 12 ਅਕਤੂਬਰ ਤੱਕ ਉਸ ਦੇ ਮੋਬਾਇਲ ਨੰਬਰ ਉਪਰ ਸਰਹੱਦੀ ਇਲਾਕੇ ਦੀ ਬੀ. ਐੱਸ. ਐੱਫ. ਵਿਚ ਬਤੌਰ ਜੀ ਬ੍ਰਾਂਚ ਤਾਇਨਾਤ ਵਿਜੇ ਕੁਮਾਰ ਦੇ ਮੋਬਾਇਲ ਤੋਂ ਨਿਸ਼ਾਨ ਸਿੰਘ ਪੁੱਤਰ ਗੁਰਪਾਲ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਵਾਂ ਤਾਰਾ ਸਿੰਘ ਵਲੋਂ ਆਪਸ ’ਚ ਮਿਲ ਕੇ ਉਸ ਨੂੰ ਵਾਰ-ਵਾਰ ਫੋਨ ਕੀਤੇ ਜਾ ਰਹੇ ਸਨ। ਮਨਪ੍ਰੀਤ ਕੌਰ ਨੇ ਦੱਸਿਆ ਕਿ ਨਿਸ਼ਾਨ ਸਿੰਘ ਅਤੇ ਗੁਰਜੰਟ ਸਿੰਘ ਵੱਲੋਂ ਉਸ ਨੂੰ ਅਤੇ ਉਸ ਦੇ ਪਤੀ ਨੂੰ ਹੈਰੋਇਨ ਦੀ ਸਮੱਗਲਿੰਗ ਕਰਨ ਅਤੇ ਸਮੱਗਲਰਾਂ ਨੂੰ ਘਰ ’ਚ ਪਨਾਹ ਦੇਣ ਦੇ ਦੇਸ਼ ਹੇਠ ਝੂਠਾ ਫਸਾਉਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਤੋਂ ਬਚਣ ਲਈ ਉਸ ਨੂੰ ਬੀ. ਐੱਸ. ਐੱਫ. ’ਚ ਤਾਇਨਾਤ ਜੀ ਬ੍ਰਾਂਚ ਅਫਸਰ ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਦਬਾਅ ਬਣਾਇਆ ਜਾਣ ਲੱਗ ਪਿਆ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ 30 ਲੱਖ ਖਰਚ ਕੇ ਆਸਟ੍ਰੇਲੀਆ ਭੇਜੀ ਪਤਨੀ ਨੇ ਤੋੜ ਦਿੱਤੇ ਸੁਫ਼ਨੇ, ਸੋਚਿਆ ਨਾ ਸੀ ਕਰੇਗੀ ਇਹ ਕੁੱਝ
ਔਰਤ ਦੇ ਪਤੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਵੱਲੋਂ ਕੀਤੇ ਜਾਂਦੇ ਫੋਨ ਤੋਂ ਬਾਅਦ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਗਿਆ ਸੀ, ਜਿਸ ਤੋਂ ਬਾਅਦ ਸਾਬਕਾ ਸਰਪੰਚ ਅਤੇ ਹੋਰ ਵਿਅਕਤੀਆਂ ਵੱਲੋਂ ਮਾਮਲਾ ਰਫਾ-ਦਫਾ ਕਰਨ ਲਈ ਦਬਾਅ ਬਣਾਇਆ ਗਿਆ। ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਥਾਣਾ ਖਾਲੜਾ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁਲਸ ਵੱਲੋਂ ਮਾਮਲਾ ਛੱਡਣ ਲਈ ਦਬਾਅ ਬਣਾਇਆ ਗਿਆ। ਪੁਲਸ ਵਲੋਂ ਕੋਈ ਕਾਨੂੰਨੀ ਕਾਰਵਾਈ ਅਮਲ ’ਚ ਨਾ ਲਿਆਉਣ ਤੋਂ ਬਾਅਦ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਲਿਜਾਇਆ ਗਿਆ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਜਾਰੀ ਕੀਤੇ ਸਖਤ ਨੋਟਿਸ ’ਚ ਪੁਲਸ ਨੂੰ ਜਲਦ ਕਾਰਵਾਈ ਕਰਨ ਸਬੰਧੀ ਫਿਟਕਾਰ ਵੀ ਲਾਈ ਗਈ। ਡੀ. ਐੱਸ. ਪੀ. ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੇ ਬਿਆਨਾਂ ਹੇਠ ਪੁਲਸ ਵੱਲੋਂ ਬੀ. ਐੱਸ. ਐੱਫ. ਦੇ ਜਵਾਨ ਵਿਜੇ ਕੁਮਾਰ ਤੋਂ ਇਲਾਵਾ ਨਿਸ਼ਾਨ ਸਿੰਘ ਪੁੱਤਰ ਗੁਰਪਾਲ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਵਾਂ ਤਾਰਾ ਸਿੰਘ ਖ਼ਿਲਾਫ ਪਰਚਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਟਾਲਾ ’ਚ ਗੋਲ਼ੀ ਗੈਂਗ ਦੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੇ ਇੰਝ ਵਿਛਾਇਆ ਜਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।