BSF ਨੇ 2022-23 ’ਚ ਫੜੀ ਸਭ ਤੋਂ ਵੱਧ 2465 ਕਰੋੜ ਦੀ ਹੈਰੋਇਨ, ਖੇਤਾਂ ’ਚ ਮਿਲੇ 83 ਡਰੋਨ ਬਰਾਮਦ

Saturday, Dec 16, 2023 - 02:25 PM (IST)

BSF ਨੇ 2022-23 ’ਚ ਫੜੀ ਸਭ ਤੋਂ ਵੱਧ 2465 ਕਰੋੜ ਦੀ ਹੈਰੋਇਨ, ਖੇਤਾਂ ’ਚ ਮਿਲੇ 83 ਡਰੋਨ ਬਰਾਮਦ

ਅੰਮ੍ਰਿਤਸਰ (ਨੀਰਜ)- ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਵਲੋਂ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿਚ ਈਮਾਨਦਾਰ ਅਫ਼ਸਰਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਅਤੇ ਪੁਲਸ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਸ਼ਿਆਂ ਦੀ ਆਮਦ ਅਤੇ ਵਿਕਰੀ ’ਤੇ ਰੋਕ ਲਗਾਈ ਜਾ ਚੁੱਕੀ ਹੈ ਪਰ ਬੀ. ਐੱਸ. ਐੱਫ. ਵੱਲੋਂ ਜਾਰੀ ਕੀਤੇ ਗਏ ਅੰਕੜੇ ਸਾਬਤ ਕਰ ਰਹੇ ਹਨ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੈਰੋਇਨ ਦੀ ਆਮਦ ਨੇ ਪਿਛਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ। ਅੰਕੜਿਆਂ ਅਨੁਸਾਰ 1 ਦਸੰਬਰ 2022 ਤੋਂ ਲੈ ਕੇ 30 ਨਵੰਬਰ 2023 ਤੱਕ ਦੇ ਸਮੇਂ ਦੌਰਾਨ 493 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 2465 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ ਬੀ. ਐੱਸ. ਐੱਫ. ਦੇ ਅੰਕੜਿਆਂ ਅਨੁਸਾਰ ਇਸੇ ਸਮੇਂ ਦੌਰਾਨ 93 ਡਰੋਨ ਜ਼ਬਤ ਕੀਤੇ ਗਏ ਹਨ, ਜੋ ਕਿ ਸਰਹੱਦੀ ਪਿੰਡਾਂ ਦੇ ਖੇਤਾਂ ਵਿਚ ਲਾਵਾਰਿਸ ਪਏ ਮਿਲੇ ਹਨ, ਜਦਕਿ ਡਰੋਨਾਂ ਦੀ ਮੂਵਮੈਂਟ ਹਰ ਰੋਜ਼ ਹੋ ਰਹੀ ਹੈ ਅਤੇ ਡਰੋਨਾਂ ਦੀ ਮੂਵਮੈਂਟ 300 ਤੋਂ ਵੱਧ ਦਰਜ ਕੀਤੀ ਗਈ ਹੈ।

ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਹੋ ਰਹੀ ਹੈ ਡਰੋਨਾਂ ਦੀ ਮੂਵਮੈਂਟ

ਕੇਂਦਰ ਅਤੇ ਸੂਬਾ ਸਰਕਾਰ ਦੀ ਸੁਰੱਖਿਆ ਏਜੰਸੀਆਂ ਦੇ ਦਾਅਵਿਆਂ ਦੇ ਉਲਟ ਸਰਹੱਦੀ ਪਿੰਡਾਂ, ਜਿਸ ਵਿਚ ਧਨੋਆ ਕਲਾਂ, ਧਨੋਆ ਖੁਰਦ, ਨੇਸ਼ਟਾ, ਹਵੇਲੀਆਂ, ਰਾਜਾਤਾਲ, ਕੱਕੜ ਆਦਿ ਖੇਤਰਾਂ ਵਿਚ ਹਰ ਰੋਜ਼ ਡਰੋਨਾਂ ਦੀ ਮੂਵਮੈਂਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਇਕ ਮਹੀਨੇ ਵਿਚ ਕਰੀਬ 22 ਡਰੋਨ ਫੜੇ ਗਏ ਹਨ ਜੋ ਬੈਟਰੀ ਖਤਮ ਹੋਣ ਕਾਰਨ ਖੇਤਾਂ ਵਿਚ ਡਿੱਗੇ ਹੋਏ ਮੰਨੇ ਜਾ ਰਹੇ ਹਨ। ਜੇਕਰ ਨਸ਼ਿਆਂ ਦੀ ਵਿਕਰੀ ਖਤਮ ਹੋ ਗਈ ਹੈ ਤਾਂ ਹੈਰੋਇਨ ਦੀ ਇੰਨੀ ਵੱਡੀ ਖੇਪ ਸਰਹੱਦ ’ਤੇ ਕੌਣ ਮੰਗਵਾ ਰਿਹਾ ਹੈ ਅਤੇ ਕਿਸ ਦੇ ਕਹਿਣ ’ਤੇ ਇਹ ਖੇਪ ਮੰਗਵਾਈ ਜਾ ਰਹੀ ਹੈ?

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਦਾ ਦਿੱਲੀ ਪੰਥਕ ਰੋਸ ਮਾਰਚ ਕੀਤਾ ਮੁਲਤਵੀ

ਠੰਡ ਦੇ ਮੌਸਮ ’ਚ ਫੜੇ ਸਿਰਫ 4 ਸਮੱਗਲਰ

ਕੁਇੰਟਲਾਂ ਦੇ ਹਿਸਾਬ ਨਾਲ ਹੈਰੋਇਨ ਦੀ ਖੇਪ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਵਿਚ ਡਰੋਨ ਰਾਹੀਂ ਮੰਗਵਾਈ ਜਾ ਰਹੀ ਹੈ ਪਰ ਪੁਲਸ ਅਤੇ ਬੀ. ਐੱਸ. ਐੱਫ. ਸਮੇਤ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸਿਰਫ਼ ਚਾਰ ਸਮੱਗਲਰਾਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਹੈਰੋਇਨ ਸਮੱਗਲਿੰਗ ਦਾ ਕਿੰਗਪਿਨ ਸੁਰੱਖਿਆ ਏਜੰਸੀਆਂ ਦੇ ਸਿਕੰਜ਼ੇ ਤੋਂ ਬਾਹਰ ਨਜ਼ਰ ਆ ਰਿਹਾ ਹੈ, ਜਿਨ੍ਹੇ ਵੀ ਸਮੱਗਲਰ ਅਜੇ ਤੱਕ ਫੜੇ ਗਏ ਹਨ ਉਹ ਸਿਰਫ ਕੈਰੀਅਰ ਹਨ, ਜੋ ਥੋੜ੍ਹੇ ਜਿਹੇ ਵਿੱਤੀ ਲਾਭ ਲਈ ਖੇਪ ਨੂੰ ਪ੍ਰਾਪਤ ਅਤੇ ਸਪਲਾਈ ਕਰਨ ਦਾ ਕੰਮ ਕਰਦੇ ਹਨ।

ਵਿਦੇਸ਼ ’ਚ ਬੈਠੇ ਅੰਤਰਰਾਸ਼ਟਰੀ ਸਮੱਗਲਰ ਪੰਜਾਬ ਸਿੰਘ ਦਾ ਨਾਂ ਆਇਆ ਸਾਹਮਣੇ

ਆਮ ਤੌਰ ’ਤੇ ਜੇਲਾਂ ਵਿਚ ਬੈਠੇ ਪੁਰਾਣੇ ਸਮੱਗਲਰਾਂ ਦਾ ਨਾਮ ਹੈਰੋਇਨ ਸਮੱਗਲਿੰਗ ਦੇ ਮਾਮਲਿਆਂ ਵਿਚ ਉਗਲਦਾ ਰਿਹਾ ਹੈ ਪਰ ਇਸ ਵਾਰ ਕੈਨੇਡਾ ਵਿਚ ਬੈਠੇ ਅੰਤਰਰਾਸ਼ਟਰੀ ਸਮੱਗਲਰ ਪੰਜਾਬ ਸਿੰਘ ਦਾ ਨਾਂ ਵੀ ਹਾਲ ਹੀ ਵਿਚ ਫੜੇ ਗਏ ਸਮੱਗਲਰਾਂ ਨੇ ਲਿਆ ਹੈ ਅਤੇ ਇਸ ਨੂੰ ਕੇਸ ਵਿਚ ਲੋੜੀਂਦਾ ਵੀ ਕੀਤਾ ਗਿਆ ਹੈ ਪਰ ਵਿਦੇਸ਼ ਵਿਚ ਬੈਠੇ ਹੋਰ ਸਮੱਗਲਰਾਂ ਵਾਂਗ ਪੰਜਾਬ ਸਿੰਘ ਨੂੰ ਫੜਨਾ ਆਸਾਨ ਨਹੀਂ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਪੁਲਸ ਨੇ ਕੀਤਾ ਕਾਬੂ

ਖੇਤੀਬਾੜੀ ਦੀ ਆੜ ਵਿਚ ਸਮੱਗਲਿੰਗ ਕਰ ਰਹੇ ਹਨ ਕੁਝ ਕਿਸਾਨ

ਸਰਹੱਦੀ ਖੇਤਰਾਂ ਵਿਚ ਖੇਤੀ ਦੀ ਆੜ ਵਿਚ ਕੁਝ ਕਿਸਾਨ ਸਮੱਗਲਿੰਗ ਕਰ ਰਹੇ ਹਨ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਕਈ ਕਿਸਾਨ ਅਤੇ ਵੇਸ਼ੀ ਸਮੱਗਲਰ ਇਸ ਸਮੇਂ ਹੈਰੋਇਨ ਸਮੱਗਲਿੰਗ ਦੇ ਕੇਸਾਂ ਵਿਚ ਭਗੌੜੇ ਚੱਲ ਰਹੇ ਹਨ। ਕੁਝ ਸਮੱਗਲਰਾਂ ਨੇ ਤਾ ਠੇਕੇ ’ਤੇ ਸਰਹੱਦੀ ਕੰਡਿਆਲੀ ਤਾਰ ਨੇੜੇ ਖੇਤ ਲੈ ਰੱਖੇ ਹਨ ਅਤੇ ਇਲਾਕੇ ਦੀ ਸਾਰੀ ਜਾਣਕਾਰੀ ਸਮੱਗਲਰਾਂ ਨੂੰ ਦੇ ਰਹੇ ਹਨ।

ਪੁਲਸ ਵੱਲੋਂ ਹਰ ਰੋਜ਼ ਦਰਜ ਕੀਤੇ ਜਾ ਰਹੇ ਹਨ ਛੋਟੇ-ਮੋਟੇ ਕੇਸ

ਸ਼ਹਿਰ ਦੀ ਪੁਲਸ ਵੱਲੋਂ ਵੀ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਰ ਰੋਜ਼ ਵੱਖ-ਵੱਖ ਥਾਣਿਆਂ ਵਿਚ ਛੋਟੇ-ਛੋਟੇ ਸਮੱਗਲਰ ਫੜੇ ਜਾ ਰਹੇ ਹਨ ਅਤੇ ਉਨ੍ਹਾਂ ਕੋਲੋਂ ਦਸ ਗ੍ਰਾਮ ਤੋਂ ਲੈ ਕੇ ਸੌ ਗ੍ਰਾਮ ਜਾਂ ਇਸ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਜਾ ਰਹੀ ਹੈ, ਜੇਕਰ ਹੈਰੋਇਨ ਦੀ ਵਿਕਰੀ ’ਤੇ ਪਾਬੰਦੀ ਲਗਾਈ ਹੁੰਦੀ ਤਾ ਫਿਰ ਸ਼ਹਿਰ ਵਿਚ ਕੌਣ ਹੈ ਜੋ ਹੈਰੋਇਨ ਵੇਚ ਰਿਹਾ ਹੈ ਅਤੇ ਕਿਸ ਦੇ ਕਹਿਣ ’ਤੇ ਵੇਚ ਰਿਹਾ ਹੈ।

ਇਹ ਵੀ ਪੜ੍ਹੋ- ਗੁਆਂਢੀ ਮੁਲਕ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਮੁਲਜ਼ਮ ਨੇ 3 ਬੱਚਿਆਂ ਨੂੰ ਕੀਤਾ ਅਗਵਾ ਫਿਰ ਮਾਰ ਕੇ ਖਾਧਾ ਮਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News