ਭਾਰਤ-ਪਾਕਿ ਬਾਰਡਰ ਤੋਂ BSF ਨੇ ਬਰਾਮਦ ਕੀਤੀ 5 ਕਰੋੜ ਦੀ ਹੈਰੋਇਨ
Saturday, Feb 29, 2020 - 10:17 PM (IST)
ਤਰਨ ਤਾਰਨ (ਰਮਨ)- ਭਾਰਤ ਪਾਕਿ ਸੀਮਾ ’ਤੇ ਤਾਇਨਾਤ ਬੀ. ਐੱਸ. ਐੱਫ. ਦੀ 71 ਬਟਾਲੀਅਨ ਵਲੋਂ ਇਕ ਕਿਲੋ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ ਪੰਜ ਕਰੋਡ਼ ਰੁਪਏ ਦੱਸੀ ਜਾ ਰਹੀ ਹੈ ਨੂੰ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਰਾਮਦ ਕੀਤੀ ਗਈ ਹੈਰੋਇਨ ਨੂੰ ਬੀ. ਐੱਸ. ਐੱਫ. ਨੇ ਕਬਜ਼ੇ ’ਚ ਲੈਂਦੇ ਹੋਏ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰਨ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲਾ ਤਰਨਤਾਰਨ ਦੇ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਢਾਲਾ ਦੀ ਭਾਰਤ-ਪਾਕਿ ਸੀਮਾ ਨਜ਼ਦੀਕ ਬੀਤੀ ਰਾਤ ਕੁੱਝ ਹਰਕਤ ਹੁੰਦੀ ਵਿਖਾਈ ਦਿੱਤੀ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਦੀ 71 ਬਟਾਲੀਅਨ ਦੇ ਜਵਾਨਾਂ ਨੇ ਆਸਪਾਸ ਦੇ ਇਲਾਕੇ ਨੂੰ ਅਲਰਟ ਹੁੰਦੇ ਹੋਏ ਸਰਚ ਅਭਿਆਨ ਚਲਾੳੁਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਸੀਮਾ ਨਜ਼ਦੀਕ ਮਹਿੰਦਰਾ ਚੌਕੀ ਵਿਖੇ ਸਥਿਤ ਬੁਰਜੀ ਨੰਬਰ 21/5 ਨਜ਼ਦੀਕ ਕਿਸਾਨ ਅਵਤਾਰ ਸਿੰਘ ਦੀ ਠੇਕੇ ’ਤੇ ਲਈ ਹੋਈ ਖੇਤੀ ਯੋਗ ਜ਼ਮੀਨ ਵਿਖੇ ਇਕ ਪੈਕੇਟ ਹੈਰੋਇਨ ਦਾ ਬਰਾਮਦ ਕੀਤਾ ਗਿਆ, ਜਿਸ ਦਾ ਕੁੱਲ ਵਜ਼ਨ ਇਕ ਕਿਲੋ ਮਾਪਿਆ ਗਿਆ। ਬੀ. ਐੱਸ. ਐੱਫ. ਦੇ ਇੰਸਪੈਕਟਰ ਕੁਲਦੀਪ ਕੁਮਾਰ ਨੇ ਇਸ ਹੈਰੋਇਨ ਨੂੰ ਕਬਜ਼ੇ ’ਚ ਲੈਂਦੇ ਹੋਏ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਸੂਚਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਵਿਖੇ ਬਰਾਮਦ ਕੀਤੀ ਗਈ ਹੈਰੋਇਨ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।