BSF ਦੀ ਵੱਡੀ ਕਾਰਵਾਈ : ਪਾਕਿਸਤਾਨੀ ਸਮੱਗਲਰਾਂ ਵੱਲੋਂ ਸੁੱਟੀ ਕਰੋੜਾਂ ਦੀ ਹੈਰੋਇਨ ਬਰਾਮਦ
Wednesday, Dec 21, 2022 - 08:47 PM (IST)
ਫਾਜ਼ਿਲਕਾ (ਨਾਗਪਾਲ, ਲੀਲਾਧਰ) : ਬੁੱਧਵਾਰ ਸੰਘਣੀ ਧੁੰਦ ਦਾ ਫਾਇਦਾ ਲੈਂਦੇ ਹੋਏ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਸਰਹੱਦ ’ਚ ਫਾਜ਼ਿਲਕਾ ਜ਼ਿਲ੍ਹੇ ’ਚ ਫਿਰ 25 ਪੈਕਟ ਹੈਰੋਇਨ ਸੁੱਟੀ, ਜਿਸ ਨੂੰ ਚੌਕਸ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫੜ ਲਿਆ। ਇਸ ਵਾਰ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਦੀ ਵਰਤੋਂ ਨਹੀਂ ਕੀਤੀ। ਸਮੱਗਲਰਾਂ ਨੇ ਕੰਡੇਦਾਰ ਹੇਠੋਂ ਪੀ. ਵੀ. ਸੀ. ਪਾਈਪ ’ਚ ਪਾ ਕੇ ਹੈਰੋਇਨ ਦੇ ਪੈਕੇਟ ਭਾਰਤੀ ਸਰਹੱਦ ’ਚ ਸੁੱਟੇ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਮਨਰੇਗਾ ਫੰਡਾਂ 'ਚ ਗਬਨ ਦੇ ਦੋਸ਼ 'ਚ ਮਹਿਲਾ ਸਰਪੰਚ ਗ੍ਰਿਫ਼ਤਾਰ, 3 ਹੋਰ ਖ਼ਿਲਾਫ਼ ਕੇਸ ਦਰਜ
ਜਾਣਕਾਰੀ ਮੁਤਾਬਕ ਅੱਧੀ ਰਾਤ ਨੂੰ ਬੀ. ਐੱਸ. ਐੱਫ. ਦੀ 160 ਬਟਾਲੀਅਨ ਦੇ ਜਵਾਨਾਂ ਨੇ ਪਿੰਡ ਗੱਟੀ ਅਜਾਇਬ ਸਿੰਘ ਦੇ ਨੇੜੇ ਭਾਰਤ-ਪਾਕਿਸਤਾਨ ਸਰਹੱਦ ’ਤੇ ਕੰਡੇਦਾਰ ਤਾਰ ਦੇ ਦੋਵੇਂ ਪਾਸੇ ਸ਼ੱਕੀ ਹਲਚਲ ਵੇਖੀ। ਇਸ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਕੰਡੇਦਾਰ ਤਾਰ ਦੇ ਪਾਰ ਪਾਕਿਸਤਾਨੀ ਸਮੱਗਲਰਾਂ ’ਤੇ ਫਾਇਰਿੰਗ ਕੀਤੀ ਪਰ ਸੰਘਣੀ ਧੁੰਦ ਦਾ ਫਾਇਦਾ ਲੈਂਦੇ ਹੋਏ ਸਮੱਗਲਰ ਭੱਜਣ ’ਚ ਕਾਮਯਾਬ ਰਹੇ। ਸਰਚ ਅਭਿਆਨ ’ਚ ਗੱਟੀ ਅਜਾਇਬ ਸਿੰਘ ਦੇ ਖੇਤਰ ’ਚੋਂ ਬੀ. ਐੱਸ. ਐੱਫ. ਜਵਾਨਾਂ ਨੇ 4.130 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਹ ਵੀ ਪੜ੍ਹੋ : ਕੈਬਨਿਟ ਸਬ-ਕਮੇਟੀ ਵੱਲੋਂ ਬੇ-ਜ਼ਮੀਨੇ ਮਜ਼ਦੂਰਾਂ ਤੇ ਠੇਕਾ ਮੁਲਾਜ਼ਮਾਂ ਨਾਲ ਮੀਟਿੰਗ, ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਇਸ ਤੋਂ ਬਾਅਦ ਸਰਚ ਅਭਿਆਨ ਦੌਰਾਨ ਬੀ. ਐੱਸ. ਐੱਫ, ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਪੀਲੀ ਟੇਪ ’ਚ ਲਿਪਟੇ 21 ਪੈਕੇਟ ਬਰਾਮਦ ਕੀਤੇ ਜਿਨ੍ਹਾਂ ’ਚੋਂ 22 ਕਿਲੋ 300 ਗ੍ਰਾਮ ਹੈਰੋਇਨ ਮਿਲੀ। ਇਸ ਦੇ ਨਾਲ ਹੀ ਇਕ 12 ਫੁੱਟ ਲੰਬੀ ਪੀ. ਵੀ. ਸੀ. ਪਾਈਪ, ਇਕ ਸ਼ਾਲ ਕੰਡੇਦਾਰ ਤਾਰ ਦੇ ਪਾਰੋਂ ਬਰਾਮਦ ਕੀਤਾ ਗਿਆ। ਇਸ ਦੌਰਾਨ ਬੀ. ਐੱਸ. ਐੱਫ. ਜਵਾਨਾਂ ਨੇ ਸਮੱਗਲਰਾਂ ’ਤੇ ਲਾਈਟ ਮਸ਼ੀਨਗੰਨ ਨਾਲ 25 ਰਾਊਂਡ ਫਾਇਰਿੰਗ ਵੀ ਕੀਤੀ। ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ 132 ਕਰੋੜ ਰੁਪਏ ਦੱਸੀ ਜਾਂਦੀ ਹੈ।