BSF ਨੇ ਬਰਾਮਦ ਕੀਤੀ 15 ਕਰੋੜ ਦੀ ਹੈਰੋਇਨ
Saturday, Nov 23, 2019 - 07:16 PM (IST)
![BSF ਨੇ ਬਰਾਮਦ ਕੀਤੀ 15 ਕਰੋੜ ਦੀ ਹੈਰੋਇਨ](https://static.jagbani.com/multimedia/2019_11image_19_15_465331117saak.jpg)
ਫਿਰੋਜ਼ਪੁਰ,(ਕੁਮਾਰ): ਬੀ. ਐੱਸ. ਐੱਫ. ਨੇ ਭਾਰਤ-ਪਾਕਿ ਬਾਰਡਰ 'ਤੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ 6 ਪੈਕੇਟ ਹੈਰੋਇਨ ਤੇ ਇਕ ਪਾਕਿ ਮੋਬਾਇਲ ਸਿਮ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਬੀ. ਐੱਸ. ਐੱਫ. ਦੇ ਪਬਲਿਕ ਰਿਲੇਸ਼ਨ ਅਫਸਰ ਨੇ ਦੱਸਿਆ ਕਿ ਅੱਧਾ-ਅੱਧਾ ਕਿਲੋ ਵਜ਼ਨ ਦੇ 6 ਪੈਕੇਟਾਂ 'ਚ ਕੁੱਲ 3 ਕਿਲੋ ਹੈਰੋਇਨ ਹੈ। ਉਨ੍ਹਾਂ ਦੱਸਿਆ ਕਿ ਭਾਰਤ-ਪਾਕਿ ਬਾਰਡਰ 'ਤੇ ਅਬੋਹਰ ਸੈਕਟਰ 'ਚ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਸ਼ੱਕੀ ਗਤੀਵਿਧੀਆਂ ਦੇਖੀਆਂ ਤੇ ਪਾਕਿ ਵੱਲੋਂ ਸਮੱਗਲਰ ਫੈਂਸਿੰਗ ਲਾਈਨ ਕੋਲ ਦੇਖੇ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਤੇ ਜਦੋਂ ਉਹ ਨਹੀਂ ਰੁਕੇ ਤਾਂ ਬੀ. ਐੱਸ. ਐੱਫ. ਜਵਾਨਾਂ ਨੇ ਫਾਇਰਿੰਗ ਕੀਤੀ। ਫਾਇਰਿੰਗ ਦਾ ਪਤਾ ਲੱਗਦੇ ਹੀ ਪਾਕਿ ਸਮੱਗਲਰ ਵਾਪਸ ਭੱਜ ਗਏ ਤੇ ਬੀ. ਐੱਸ. ਐੱਫ. ਵੱਲੋਂ ਸਰਚ ਕਰਨ 'ਤੇ ਉਥੋਂ 6 ਪੈਕੇਟ ਹੈਰੋਇਨ ਤੇ ਇਕ ਪਾਕਿ ਮੋਬਾਇਲ ਸਿਮ ਮਿਲੀ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।