ਅੰਮ੍ਰਿਤਸਰ ''ਚ ਪੁਲਸ ਦੀ ਨੱੱਕ ਹੇਠ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)
Monday, Oct 16, 2017 - 04:00 PM (IST)
ਅੰਮ੍ਰਿਤਸਰ (ਸੁਮੀਤ ਖੰਨਾ) — ਅੰਮ੍ਰਿਤਸਰ ਦੇ ਥਾਣਾ ਸੀ ਡਵੀਜ਼ਨ ਦੇ ਅਧੀਨ ਪੈਂਦੇ ਇਲਾਕੇ ਸਕਤਰੀ ਬਾਗ 'ਚ ਪੁਲਸ ਥਾਣੇ ਦੇ ਸਾਹਮਣੇ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਕਮਲ ਕਿਸ਼ੌਰ ਨਾਂ ਦੇ ਵਿਅਕਤੀ ਦੇ ਸਿਰ 'ਤੇ ਵੱਡੇ ਪੱਥਰ ਨਾਲ ਵਾਰ ਕਰਕੇ ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ, ਇਸ ਬਾਗ 'ਚ ਆਏ ਲੋਕਾਂ ਨੇ ਜਦ ਬਾਗ 'ਚ ਲਾਸ਼ ਨੂੰ ਦੇਖਿਆ ਤਾਂ ਤੁੰਰਤ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਲੋਕਾਂ ਨਾਲ ਗੱਲਬਾਤ ਕਰਕੇ ਲਾਸ਼ ਦੀ ਸ਼ਨਾਖਤ ਕਰਵਾਈ ਤੇ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ।

ਕਮਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਕਮਲ ਨੂੰ ਅਧਰੰਗ ਸੀ, ਜਿਸ ਕਾਰਨ ਉਸ ਦੇ ਸਰੀਰ ਦਾ ਇਕ ਹਿੱਸਾ ਕੰਮ ਨਹੀਂ ਕਰਦਾ ਸੀ। ਰਾਤ ਖਾਣਾ ਖਾਣ ਤੋਂ ਬਾਅਦ ਉਹ ਘਰੋਂ ਨਿਕਲਿਆ ਤੇ ਬਾਅਦ 'ਚ ਉਸ ਦੀ ਲਾਸ਼ ਬਾਗ 'ਚੋਂ ਬਰਾਮਦ ਹੋਈ। ਪਰਿਵਾਰ ਨੇ ਪੁਲਸ ਨੂੰ ਬਿਆਨ 'ਚ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉਹ ਆਰਥਿਕ ਪੱਖੋਂ ਕਾਫੀ ਗਰੀਬ ਹਨ। ਇਸ ਲਈ ਉਨ੍ਹਾਂ ਕੋਲ ਇਨਸਾਫ ਲੈਣ ਲਈ ਪੈਸੇ ਵੀ ਨਹੀਂ ਹਨ। ਪਰਿਵਾਰ ਨੇ ਪੁਲਸ ਕੋਲੋਂ ਕਮਲ ਦੇ ਦੋਸ਼ੀਆਂ ਨੂੰ ਜਲਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਉਥੇ ਹੀ ਇਸ ਮਾਮਲੇ 'ਚ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਇਸ ਦੀ ਲਾਸ਼ ਬਾਗ 'ਚੋਂ ਬਰਾਮਦ ਹੋਈ ਹੈ। ਪੁਲਸ ਅਧਿਕਾਰੀ ਮੁਤਾਬਕ ਬਹੁਤ ਹੀ ਬੇਰਹਿਮੀ ਨਾਲ ਕਮਲ ਦਾ ਕਤਲ ਕੀਤਾ ਗਿਆ ਹੈ ਤੇ ਉਹ ਇਸ ਜਾਂਚ 'ਚ ਜੁੱਟ ਗਏ ਹਨ ਕਿ ਕਮਲ ਅਜਿਹੀ ਹਾਲਤ 'ਚ ਬਾਗ 'ਚ ਪਹੁੰਚਿਆਂ ਕਿਵੇਂ? ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

