ਦਿਨ ਚੜ੍ਹਦਿਆਂ ਮੁੱਲਾਂਪੁਰ ਦਾਖਾ ’ਚ ਵੱਡੀ ਵਾਰਦਾਤ, ਭਰਾ ਨੇ ਗੋਲ਼ੀਆਂ ਨਾਲ ਭੁੰਨੇ ਦੋ ਭਰਾ
Sunday, Aug 01, 2021 - 06:22 PM (IST)
ਮੁੱਲਾਂਪੁਰ ਦਾਖਾ (ਕਾਲੀਆ, ਰਾਜ ਬੱਬਰ) : ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ ਵਿਚ ਅੱਜ ਸਵੇਰੇ ਜ਼ਮੀਨੀ ਵਿਵਾਦ ਦੇ ਚੱਲਦੇ ਇਕ ਭਰਾ ਨੇ ਪਹਿਲਾਂ ਸਕੇ ਭਰਾ ਅਤੇ ਫਿਰ ਚਚੇਰੇ ਭਰਾ ਨੂੰ ਗੋਲ਼ੀਆਂ ਮਾਰ ਦਿੱਤੀਆਂ। ਦੋਵੇਂ ਭਰਾਵਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਗੋਲ਼ੀਆਂ ਚਲਾਉਣ ਵਾਲੇ ਭਰਾ ਨੂੰ ਵੀ ਮੌਕੇ ’ਤੇ ਦਬੋਚ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਲਾਵਾਂ-ਫੇਰਿਆਂ ਦੌਰਾਨ ਗੁਰਦੁਆਰਾ ਸਾਹਿਬ ’ਚੋਂ ਅਗਵਾ ਹੋਏ ਲਾੜਾ-ਲਾੜੀ ਦੇ ਮਾਮਲੇ ’ਚ ਨਵਾਂ ਮੋੜ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਜਾਂਗਪੁਰ ਜੋ ਕਿ ਆਪਣੇ ਭਰਾ ਪੰਚ ਅਮਰੀਕ ਸਿੰਘ ਨਾਲ ਇਕੋ ਘਰ ਵਿਚ ਰਹਿੰਦਾ ਹੈ, ਆਪਣੀ 7-8 ਵਿਸ਼ਵੇ ਜ਼ਮੀਨ ਦਾ ਤਬਾਦਲਾ ਆਪਣੇ ਚਚੇਰੇ ਭਰਾ ਹਾਕਮ ਸਿੰਘ ਪੁੱਤਰ ਸਰਦਾਰਾ ਸਿੰਘ ਨਾਲ ਕਰਨਾ ਚਾਹੁੰਦਾ ਸੀ, ਇਸੇ ਰੰਜਿਸ਼ ਕਰਕੇ ਅੱਜ ਸਵੇਰੇ 6.30 ਵਜੇ ਦੇ ਕਰੀਬ ਸ਼ੇਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਨੇ ਰਿਵਾਲਵਰ ਕੱਢ ਕੇ ਹਮਲਾ ਕਰਨ ਲਈ ਘਰੋਂ ਨਿਕਲਣ ਦੀ ਠਾਣ ਲਈ ਤਾਂ ਉਸ ਦੇ ਸਕੇ ਭਰਾ ਪੰਚ ਅਮਰੀਕ ਸਿੰਘ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਹੋਰ ਗੁੱਸੇ ਵਿਚ ਆਏ ਸ਼ੇਰ ਸਿੰਘ ਨੇ ਆਪਣੇ ਸਕੇ ਭਰਾ ਅਮਰੀਕ ਸਿੰਘ ਤੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ। ਅਮਰੀਕ ਸਿੰਘ ਦੇ 2-3 ਗੋਲ਼ੀਆਂ ਮੋਢੇ ਵਿਚ ਲੱਗੀਆਂ ਜਿਸ ਕਾਰਣ ਉਹ ਗੰਭੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਦਾ ਸੁਫ਼ਨਾ ਟੁੱਟਾ, ਟਰੈਵਲ ਏਜੰਟ ਦੀ ਧੋਖਾਦੇਹੀ ਦਾ ਸ਼ਿਕਾਰ 27 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਭਰਾ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਸ਼ੇਰ ਸਿੰਘ ਪਿੰਡ ਨੇੜੇ ਖੇਤਾਂ ’ਚ ਮੋਟਰ ’ਤੇ ਕੰਮ ਕਰ ਰਹੇ ਚਚੇਰੇ ਭਰਾ ਹਾਕਮ ਸਿੰਘ ’ਤੇ ਹਮਲਾ ਕਰਨ ਲਈ ਗਿਆ ਅਤੇ ਉਸ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਹਾਕਮ ਸਿੰਘ ਦੇ ਜਬਾੜੇ ਵਿਚੋਂ ਪਾਰ ਹੋ ਗਈ ਪਰ ਹਾਕਮ ਸਿੰਘ ਨੇ ਗੰਭੀਰ ਜ਼ਖਮੀ ਹੁੰਦਿਆਂ ਹੋਇਆਂ ਵੀ ਸ਼ੇਰ ਨੂੰ ਦਬੋਚ ਲਿਆ ਅਤੇ ਥਾਣਾ ਦਾਖਾ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਦਾਖਾ ਦੇ ਮੁਖੀ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਮੌਕੇ ਥਾਣਾ ਦਾਖਾ ਦੇ ਐੱਸ. ਐੱਚ. ਓ. ਜਗਜੀਤ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਭੇਜਿਆ ਗਿਆ ਹੈ, ਜਿਥੇ ਫਿਲਹਾਲ ਦੋਵਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਉਜੜਿਆ ਹੱਸਦਾ-ਵੱਸਦਾ ਪਰਿਵਾਰ, ਕੁੜੀ ਨੇ ਫਾਹਾ ਲਿਆ, ਮੁੰਡੇ ਨੇ ਕੱਟ ਲਈਆਂ ਨਸਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?