ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ ''ਚ ਮੌਤ

09/20/2019 11:38:33 AM

ਮੁੱਲਾਂਪੁਰ ਦਾਖਾ (ਕਾਲੀਆ) : ਮੁੱਲਾਂਪੁਰ ਲੁਧਿਆਣਾ ਜੀ. ਟੀ. ਰੋਡ 'ਤੇ ਦਸਮੇਸ਼ ਨਗਰ ਵਿਖੇ ਸਥਿਤ ਡਾ. ਲਾਲ ਪੈਥ ਲੈਬ 'ਚ ਨੌਜਵਾਨ ਦਲਜੀਤ ਸਿੰਘ (27) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੁੱਜਰਵਾਲ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਲੈਬ ਟੈਕਨੀਸ਼ੀਅਨ ਨੇ ਬੀਤੀ ਰਾਤ ਆਪਣੀ ਮਾਂ ਜਸਵੰਤ ਕੌਰ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਸ ਨੇ ਸਵੇਰੇ ਤੜਕਸਾਰ ਮਰੀਜ਼ਾਂ ਦੇ ਸੈਂਪਲ ਚੈੱਕ ਕਰਨ ਜਾਣਾ ਹੈ ਅਤੇ ਸਵੇਰੇ ਹੀ ਘਰ ਪਰਤੇਗਾ ਪਰ ਸਵੇਰੇ ਉਸ ਦੀ ਮਾਂ ਨੂੰ ਰੋਜ਼ਾਨਾ ਲੈਬ ਖੋਲ੍ਹਣ ਵਾਲੇ ਲੜਕੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਦੁਕਾਨ ਦਾ ਸ਼ਟਰ ਖੁੱਲ੍ਹਾ ਸੀ। ਜਦੋਂ ਮੈਂ ਸ਼ਟਰ ਚੁੱਕ ਕੇ ਵੇਖਿਆ ਤਾਂ ਦਲਜੀਤ ਸਿੰਘ ਦੀ ਲਾਸ਼ ਫਰਸ਼ 'ਤੇ ਪਈ ਸੀ ਅਤੇ ਉਸ ਦੇ ਨੱਕ 'ਚੋਂ ਲਹੂ ਵਗ ਰਿਹਾ ਸੀ। 

ਇਸ ਸਬੰਧੀ ਉਸ ਨੇ ਥਾਣਾ ਦਾਖਾ ਨੂੰ ਵੀ ਸੂਚਿਤ ਕੀਤਾ। ਮੰਦਭਾਗੀ ਘਟਨਾ ਦਾ ਜਾਇਜ਼ਾ ਲੈਣ ਲਈ ਥਾਣਾ ਦਾਖਾ ਦੇ ਮੁਖੀ ਅਜੈਬ ਸਿੰਘ ਪੁਲਸ ਪਾਰਟੀ ਨਾਲ ਪੁੱਜੇ ਅਤੇ ਜਾਇਜ਼ਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦਲਜੀਤ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਸ ਨੇ ਲੈਬ ਖੋਲ੍ਹੀ ਸੀ। ਬੀਤੀ ਰਾਤ ਘਰ ਨਹੀਂ ਬਲਕਿ ਲੈਬ 'ਚ ਹੀ ਸੁੱਤਾ ਸੀ। ਸਵੇਰੇ ਉਸ ਦੀ ਲੈਬ 'ਚੋਂ ਲਾਸ਼ ਭੇਤਭਰੇ ਹਾਲਾਤ 'ਚ ਮਿਲੀ ਹੈ ਅਤੇ ਪੁਲਸ ਉਸ ਦੀ ਮੌਤ ਨੂੰ ਲੈ ਕੇ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਇਸ ਦੀ ਮੌਤ ਕਿਵੇਂ ਹੋਈ ਪੋਸਟਮਾਰਟਮ ਰਿਪੋਰਟ ਉਪਰੰਤ ਹੀ ਪਤਾ ਲੱਗੇਗਾ। ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਵਾਸੀ ਗੁੱਜਰਵਾਲ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ। ਮਾਂ ਜਸਵੰਤ ਕੌਰ, ਭੈਣਾਂ ਹਰਪਾਲ ਕੌਰ, ਹਰਵਿੰਦਰ ਕੌਰ ਅਤੇ ਅਮਨਦੀਪ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉਨ੍ਹਾਂ ਦੇ ਪੈਂਦੇ ਵੈਣਾਂ ਨੂੰ ਵੇਖ ਕੇ ਹਰੇਕ ਦਾ ਕਲੇਜਾ ਮੂੰਹ ਨੂੰ ਆ ਰਿਹਾ ਸੀ।


Gurminder Singh

Content Editor

Related News