ਸ਼ਰਾਬ ਦੇ ਨਸ਼ੇ ''ਚ ਅੰਨ੍ਹੇ ਹੋਏ ਵੱਡੇ ਭਰਾ ਨੇ ਛੋਟੇ ਭਰਾ ਦਾ ਕੀਤਾ ਕਤਲ
Sunday, Jan 12, 2020 - 06:39 PM (IST)

ਅਬੋਹਰ (ਕਾਂਤੀ ਭਾਰਦਵਾਜ) : ਇਥੋਂ ਦੀ ਠਾਕਰ ਆਬਾਦੀ 'ਚ ਸ਼ਰਾਬ ਦੇ ਨਸ਼ੇ 'ਚ ਹੋਈ ਮਾਮੂਲੀ ਤਕਰਾਰ ਮਗਰੋਂ ਇਕ ਭਰਾ ਨੇ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੇਰ ਰਾਤ ਲਗਭਗ ਦੋ ਵਜੇ ਹਨੂੰਮਾਨ ਗੜ੍ਹ ਰੋਡ 'ਤੇ ਸਥਿਤ ਹੋਟਲ ਹੈਵਨਵਿਊ ਵਾਲੀ ਗਲੀ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਲਾਦ ਉਰਫ਼ ਕਾਲੀਆ (32) ਪੁੱਤਰ ਨਾਨਕ ਚੰਦ ਵਾਸੀ ਠਾਕਰ ਆਬਾਦੀ ਅਤੇ ਉਸ ਦਾ ਵੱਡਾ ਭਰਾ ਪੂਰਨ ਚੰਦ ਉਰਫ਼ ਲੁੰਡਾ (37) ਦੋਵੇਂ ਅਣਵਿਆਹੇ ਸਨ ਅਤੇ ਇਕੱਠੇ ਰਹਿੰਦੇ ਸਨ। ਦੋਵੇਂ ਭਰਾ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ।
ਸੂਤਰਾਂ ਮੁਤਾਬਕ ਬੀਤੀ ਦੇਰ ਰਾਤ ਸ਼ਰਾਬ ਪੀਂਦੇ ਸਮੇਂ ਦੋਹਾਂ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ, ਇਸ ਦੌਰਾਨ ਪੂਰਨ ਚੰਦ ਨੇ ਜੁੱਤੀਆਂ ਬਣਾਉਣ ਵਾਲੇ ਔਜ਼ਾਰ ਨਾਲ ਪ੍ਰਲਾਦ ਦੇ ਸਿਰ 'ਚ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਨੰਬਰ 2 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਸ ਵਲੋਂ ਮ੍ਰਿਤਕ ਦੇ ਭਰਾ ਪੂਰਨ ਚੰਦ ਖ਼ਿਲਾਫ਼ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਮੁਤਾਬਕ ਕਾਤਲ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।