ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਦਿਓਰ ਨੇ ਭਰਜਾਈ ਦਾ ਕੀਤਾ ਕਤਲ
Tuesday, Oct 01, 2019 - 09:28 PM (IST)
ਗੁਰਾਇਆ, (ਹੇਮੰਤ, ਛਾਬੜਾ)— ਬੀਤੇ ਦਿਨੀਂ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਦੁਸਾਂਝ ਕਲਾਂ ਵਿਖੇ ਦਿਓਰ ਵਲੋਂ ਆਪਣੀ ਭਰਜਾਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਗੁਰਾਇਆ ਦੀ ਪੁਲਸ ਵਲੋਂ ਮ੍ਰਿਤਕ ਜਸਵਿੰਦਰ ਕੌਰ ਉਰਫ ਜੱਸੀ ਦੇ ਦਿਓਰ ਪਵਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਕੇਵਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਫੜੇ ਗਏ ਵਿਅਕਤੀ ਪਵਨ ਕੁਮਾਰ ਪੁੱਤਰ ਬਲਵੀਰ ਰਾਮ ਵਾਸੀ ਦੁਸਾਂਝ ਕਲਾਂ ਨੇ ਦੱਸਿਆ ਕਿ ਤਕਰੀਬਨ 4 ਸਾਲ ਪਹਿਲਾਂ ਉਸ ਦੇ ਭਰਾ ਤਰਸੇਮ ਲਾਲ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਕਹਿਣ 'ਤੇ ਉਹ, ਉਸ ਦੀ ਭਰਜਾਈ ਜਸਵਿੰਦਰ ਕੌਰ ਉਰਫ ਜੱਸੀ ਅਤੇ ਬੱਚੇ ਇਕੱਠੇ ਰਹਿਣ ਲੱਗ ਪਏ। 2 ਮਹੀਨੇ ਪਹਿਲਾਂ ਉਹ ਆਪਣੀ ਭਰਜਾਈ ਤੋਂ ਵੱਖ ਰਹਿਣ ਲੱਗ ਪਿਆ।
ਪੁੱਛਗਿੱਛ ਦੌਰਾਨ ਪਵਨ ਕੁਮਾਰ ਨੇ ਕਿਹਾ ਕਿ ਉਸ ਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਉਸ ਦੀ ਭਰਜਾਈ ਜਸਵਿੰਦਰ ਕੌਰ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਪਰਿਵਾਰ ਦੀ ਬਦਨਾਮੀ ਹੋਣ ਦੇ ਡਰੋਂ ਉਸ ਨੇ ਗੁੱਸੇ 'ਚ ਆ ਕੇ ਆਪਣੀ ਭਰਜਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਨ ਤੋਂ ਬਾਅਦ ਉਸ ਨੇ ਜਸਵਿੰਦਰ ਕੌਰ ਦੀ ਲਾਸ਼ ਤੋਂ ਸਾਰੇ ਕੱਪੜੇ ਉਤਾਰ ਦਿੱਤੇ ਸਨ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਕਤਲ ਬਾਰੇ ਰੌਲਾ ਪਿਆ ਗਿਆ ਸੀ। ਥਾਣਾ ਮੁਖੀ ਇੰਸ. ਕੇਵਲ ਸਿੰਘ ਨੇ ਦੱਸਿਆ ਕਿ ਕਤਲ 'ਚ ਵਰਤਿਆ ਗਿਆ ਹਥਿਆਰ ਅਤੇ ਮ੍ਰਿਤਕਾ ਜਸਵਿੰਦਰ ਕੌਰ ਦੇ ਕੱਪੜੇ ਵੀ ਪੁਲਸ ਨੇ ਬਰਾਮਦ ਕਰ ਲਏ ਹਨ।