ਨੂਰਪੁਰਬੇਦੀ 'ਚ ਫੂਕਾਪੁਰ ਦੀ ਬਰਸਾਤੀ ਖੱਡ ਦਾ ਟੁੱਟਿਆ ਬੰਨ੍ਹ, 50 ਤੋਂ ਵੱਧ ਘਰ ਪਾਣੀ ’ਚ ਡੁੱਬੇ
Tuesday, Jul 11, 2023 - 02:55 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਖੇਤਰ ਦੇ ਪਿੰਡ ਥਾਨਾ ਲਾਗੇ ਤੋਂ ਗੁਜ਼ਰਦੀ ਬਰਸਾਤੀ ਖੱਡ ਦਾ ਬੰਨ੍ਹ ਟੁੱਟ ਜਾਣ ਕਾਰਨ ਪਿੰਡ ਥਾਨਾ ਦੇ ਕਰੀਬ 50 ਤੋਂ ਵੱਧ ਘਰਾਂ ’ਚ ਪਾਣੀ ਦਾਖਲ ਹੋ ਗਿਆ ਜਦਕਿ ਬਰਸਾਤ ਦੇ ਪਾਣੀ ਨਾਲ ਸਮੁੱਚਾ ਪਿੰਡ ਜਲਮਗਨ ਹੋ ਗਿਆ। ਜ਼ਿਕਰਯੋਗ ਹੈ ਕਿ ਉਕਤ ਪਿੰਡ ਤੋਂ ਕੁਝ ਦੂਰੀ ਤੋਂ ਗੁਜ਼ਰਦੀ ਫੂਕਾਪੁਰ ਦੀ ਬਰਸਾਤੀ ਖੱਡ ਜਿਸ ’ਚ ਪਹਾੜੀ ਖੇਤਰ ਤੋਂ ਭਾਰੀ ਮਾਤਰਾ ’ਚ ਪਾਣੀ ਆਉਂਦਾ ਹੈ ਦਾ ਅੱਜ ਤਡ਼ਕਸਾਰ ਪਿੰਡ ਲਾਗਿਓਂ ਇਕ ਸਥਾਨ ਤੋਂ ਬੰਨ੍ਹ ਕਮਜ਼ੋਰ ਹੋਣ ਕਾਰਨ ਟੁੱਟ ਗਿਆ, ਜਿਸ ਨਾਲ ਵੇਖਦੇ ਹੀ ਵੇਖਦੇ ਸਮੁੱਚੇ ਪਿੰਡ ’ਚ ਪਾਣੀ ਦਾਖ਼ਲ ਹੋ ਗਿਆ।
ਭਾਵੇਂ ਲੋਕਾਂ ਨੇ ਪਾਣੀ ਤੋਂ ਬਚਣ ਲਈ ਘਰਾਂ ਦਾ ਸਾਮਾਨ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਦਾਖਲ ਹੋਏ ਪਾਣੀ ਨੇ ਤਬਾਹੀ ਮਚਾ ਦਿੱਤੀ। ਇਸ ਸਬੰਧ ’ਚ ਭਾਜਪਾ ਦੇ ਜ਼ਿਲਾ ਬੁਲਾਰੇ ਬਾਲ ਕ੍ਰਿਸ਼ਨ ਕੁੱਕੂ, ਗੁਰਵਿੰਦਰ ਸਿੰਘ ਜਵੰਦਾ, ਪੰਚ ਬਖ਼ਸ਼ੀਸ਼ ਸਿੰਘ ਅਤੇ ਹਰਦਿਆਲ ਸਿੰਘ ਖੱਟੜਾ ਨੇ ਦੱਸਿਆ ਕਿ ਡਰੇਨੇਜ਼ ਵਿਭਾਗ ਦੀ ਲਾਪਰਵਾਹੀ ਕਾਰਨ ਲੋਕਾਂ ਨੂੰ ਉਕਤ ਮੁਸੀਬਤ ਵਜੋਂ ਹਰਜਾਨਾ ਭਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਵਿਭਾਗ ਦੇ ਅਧਿਕਾਰੀਆਂ ਨੇ ਨਾਂ ਤਾਂ ਉਕਤ ਬਰਸਾਤੀ ਖੱਡ ਦੀ ਬਾਰਿਸ਼ ਤੋਂ ਪਹਿਲਾਂ ਕਦੇ ਸਥਿਤੀ ਹੀ ਦੇਖੀ ਅਤੇ ਨਾ ਹੀ ਬੰਨ੍ਹ ਨੂੰ ਪੱਕਾ ਕਰਨ ਲਈ ਕੋਈ ਜ਼ਹਿਮਤ ਉਠਾਈ ਹੈ ਜਿਸਦੇ ਚੱਲਦਿਆਂ ਲੋਕ ਭਾਰੀ ਪ੍ਰੇਸ਼ਾਨੀ ’ਚ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਬਰਸਾਤੀ ਖੱਡ ਦੇ ਪਾਣੀ ਦੇ ਪਿੰਡ ’ਚ ਦਾਖਲ ਹੋਣ ਨਾਲ ਸਮੁੱਚਾ ਪਿੰਡ ਜਲਥਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦਾ ਪਾਣੀ ਮਾ. ਰਜਿੰਦਰ ਕੁਮਾਰ, ਜੇ. ਈ. ਸੁਰਜੀਤ, ਪਿਆਰਾ ਲਾਲ, ਧਰਮ ਸਿੰਘ ਤਾਲਿਬ, ਰਾਗੀ ਸੁਰਜੀਤ ਕੁਮਾਰ, ਡਾ. ਹਰਬੰਸ ਲਾਲ ਤੇ ਸ਼ਿਵ ਪੰਡਿਤ ਸਮੇਤ ਕਰੀਬ 50 ਤੋਂ ਵੀ ਵੱਧ ਘਰਾਂ ’ਚ ਦਾਖਲ ਹੋ ਗਿਆ ਹੈ ਜਿਸ ਨਾਲ ਉਕਤ ਨਾਗਰਿਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਦੀਆਂ ਸਮੁੱਚੀਆਂ ਗਲੀਆਂ ਪਾਣੀ ਨਾਲ ਭਰ ਗਈਆਂ ਜਦਕਿ ਪਿੰਡ ਦੇ ਮੰਦਰ ’ਚ ਵੀ ਪਾਣੀ ਦਾਖਲ ਹੋਣ ਕਾਰਨ ਸਮੁੱਚੀ ਵਿਵਸਥਾ ਚਰਮਰਾ ਗਈ ਹੈ।
ਇਹ ਵੀ ਪੜ੍ਹੋ-ਭਾਰੀ ਮੀਂਹ ਕਾਰਨ ਜਲੰਧਰ 'ਚ ਮੰਡਰਾਉਣ ਲੱਗਾ ਖ਼ਤਰਾ, ਇਨ੍ਹਾਂ ਕਾਲੋਨੀਆਂ ਲਈ 'ਅਲਰਟ' ਜਾਰੀ
250 ਤੋਂ 300 ਏਕੜ ਝੋਨੇ ਤੇ ਮੱਕੀ ਦੀ ਫ਼ਸਲ ਬਰਬਾਦ ਹੋਈ
ਇਸ ਵਰਤਾਰੇ ਦੇ ਚੱਲਦਿਆਂ ਕਾਫੀ ਦੇਰ ਤੱਕ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਸੀਬ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਕਰੀਬ 250 ਤੋਂ 300 ਏਕੜ ਝੋਨੇ ਅਤੇ ਮੱਕੀ ਦੀ ਫ਼ਸਲ ਬਰਸਾਤ ਦੇ ਪਾਣੀ ਨਾਲ ਪੁਰੀ ਤਰ੍ਹਾਂ ਬਰਬਾਦ ਹੋ ਗਈ ਹੈ ਜਦਕਿ ਪਸ਼ੂਆਂ ਲਈ ਚਾਰੇ ਦੀ ਵਿਵਸਥਾ ਕਰਨਾ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਜ਼ਰੂਰਤ ਇਕ ਵੱਡੀ ਚੁਣੌਤੀ ਪੇਸ਼ ਕਰ ਰਹੀ ਹੈ।
ਸੜਕ ਪੁਟਵਾ ਕੇ ਪਿੰਡ ਦਾ ਪਾਣੀ ਕੱਢਿਆ
ਇਸ ਦੌਰਾਨ ਪਤਾ ਚੱਲਣ ’ਤੇ ਆਪ ਆਗੂਆਂ ਦੀ ਪਹੁੰਚੀ ਟੀਮ ਨੇ ਮਸ਼ੀਨਰੀ ਦਾ ਪ੍ਰਬੰਧ ਕਰ ਕੇ ਗੱਦੀਵਾਲ ਅਤੇ ਥਾਨਾ ਪਿੰਡ ਦਰਮਿਆਨ ਪੈਂਦੀ ਪਿੰਡ ਨੂੰ ਜਾਣ ਵਾਲੀ ਸੜਕ ਨੂੰ ਪੁਟਵਾਇਆ ਅਤੇ ਸਮੁੱਚੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ। ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਲਗਾਤਾਰ ਹੋ ਰਹੀ ਬਰਸਾਤ ਅਜੇ ਵੀ ਲੋਕਾਂ ਲਈ ਭਾਰੀ ਚਿੰਤਾ ਦਾ ਕਾਰਨ ਬਣੀ ਹੋਈ ਹੈ ਜਿਸ ਤੋਂ ਬਚਣ ਲਈ ਪਿੰਡ ਵਾਸੀ ਆਪਣੇ ਪੱਧਰ ’ਤੇ ਬਚਾਅ ਦਾ ਯਤਨ ਕਰ ਰਹੇ ਹਨ।
ਇਹ ਵੀ ਪੜ੍ਹੋ- ਮੀਂਹ ਨੇ ਧੋ ਦਿੱਤਾ ਪ੍ਰਦੂਸ਼ਣ, ਜਲੰਧਰ ਤੋਂ ਮੁੜ ਦਿਸਿਆ ਹਿਮਾਚਲ ਦੇ ‘ਪਹਾੜਾਂ ਦਾ ਨਜ਼ਾਰਾ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711