ਗ਼ਰੀਬ ਆਟੋ ਚਾਲਕ ਦੇ ਬੱਚੇ ਦੀ ਟੁੱਟੀ ਬਾਂਹ, ਫ਼ਰਿਸ਼ਤਾ ਬਣ ਕੇ ਬਹੁੜਿਆ ਸਿਹਤ ਮਹਿਕਮਾ

06/11/2021 1:45:46 PM

ਮੋਹਾਲੀ (ਪਰਦੀਪ) : ਜ਼ਿਲ੍ਹਾ ਸਿਹਤ ਮਹਿਕਮੇ ਨੇ ਗ਼ਰੀਬ ਆਟੋ ਚਾਲਕ ਦੇ ਬੱਚੇ ਦੀ ‘ਬਾਂਹ’ਫੜਦਿਆਂ ਉਸ ਦਾ ਲਗਭਗ 30 ਹਜ਼ਾਰ ਰੁਪਏ ਦਾ ਡਾਕਟਰੀ ਖ਼ਰਚਾ ਬਚਾਇਆ ਹੈ। ਬੀਤੇ ਦਿਨੀਂ ਸਥਾਨਕ ਪਿੰਡ ਧੜਾਕ ਕਲਾਂ ਦੇ ਵਸਨੀਕ ਆਟੋ ਚਾਲਕ ਗੁਰਜੰਟ ਸਿੰਘ ਦੇ 6 ਸਾਲਾ ਬੱਚੇ ਏਕਮਵੀਰ ਸਿੰਘ ਦੀ ਖੇਡ-ਖੇਡ ਵਿਚ ਖੱਬੀ ਬਾਂਹ ਦੀ ਕੂਹਣੀ ’ਤੇ ਸੱਟ ਲੱਗ ਗਈ ਸੀ। ਬੱਚੇ ਨੂੰ ਕਾਫ਼ੀ ਤਕਲੀਫ਼ ਹੋਣ ਕਾਰਨ ਗੁਰਜੰਟ ਸਿੰਘ ਉਸ ਨੂੰ ਤੁਰੰਤ ਨੇੜਲੇ ਪ੍ਰਾਈਵੇਟ ਹਸਪਤਾਲ ਵਿਚ ਲੈ ਗਿਆ। ਹਸਪਤਾਲ ਵਿਚ ਡਾਕਟਰ ਨੇ ਜਾਂਚ ਕਰ ਕੇ ਆਪਰੇਸ਼ਨ ਦੀ ਲੋੜ ਦੱਸੀ ਤੇ ਨਾਲ ਹੀ 30 ਹਜ਼ਾਰ ਰੁਪਏ ਦਾ ਖ਼ਰਚਾ ਦਸਿਆ। ਗੁਰਜੰਟ ਸਿੰਘ ਜਿਸ ਦੀ ਆਰਥਿਕ ਹਾਲਤ ਕਾਫ਼ੀ ਮਾੜੀ ਹੈ, ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਏਨਾ ਖ਼ਰਚਾ ਕਿਥੋਂ ਕਰੇਗਾ? ਉਸ ਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ। ਆਖ਼ਰਕਾਰ ਇਹ ਮਾਮਲਾ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੇ ਧਿਆਨ ਵਿਚ ਲਿਆਂਦਾ ਗਿਆ ਜਿਨ੍ਹਾਂ ਨੇ ਗ਼ਰੀਬ ਆਟੋ ਚਾਲਕ ਦੀ ਹਾਲਤ ਨੂੰ ਸਮਝਦਿਆਂ ਉਸ ਨੂੰ ਤੁਰੰਤ ਕੁਰਾਲੀ ਦੇ ਸਿਵਲ ਹਸਪਤਾਲ ਵਿਚ ਜਾਣ ਲਈ ਆਖਿਆ।   ਇਸੇ ਦੌਰਾਨ ਸਿਵਲ ਸਰਜਨ ਨੇ ਹਸਪਤਾਲ ਦੇ ਆਰਥੋ ਮਾਹਰ ਡਾ. ਦਵਿੰਦਰ ਗੁਪਤਾ ਨੂੰ ਫ਼ੋਨ ਕਰ ਕੇ ਬੱਚੇ ਨੂੰ ਬਿਲਕੁਲ ਮੁਫ਼ਤ ਡਾਕਟਰੀ ਇਲਾਜ ਦੇਣ ਲਈ ਕਿਹਾ। ਗੁਰਜੰਟ ਸਿੰਘ ਦਾ ਕਹਿਣਾ ਹੈ, ‘ਮੇਰੇ ਕੋਲ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ। ਉਨ੍ਹਾਂ ਨੇ ਮੇਰੇ ਬੇਟੇ ਦੀ ਇੰਝ ਦੇਖਭਾਲ ਕੀਤੀ ਜਿਵੇਂ ਉਨ੍ਹਾਂ ਦਾ ਆਪਣਾ ਬੇਟਾ ਹੋਵੇ। ਮੇਰੇ ਬੇਟੇ ਦਾ ਬਿਲਕੁਲ ਮੁਫ਼ਤ ਆਪਰੇਸ਼ਨ ਕੀਤਾ ਗਿਆ। ਹੋਰ ਤਾਂ ਹੋਰ, ਜਿਹੜੇ ਕੁਝ ਟੈਸਟ ਬਾਹਰੋਂ ਹੋਣੇ ਸਨ, ਉਹ ਵੀ ਸਿਰਫ਼ 50 ਰੁਪਏ ਵਿਚ ਕਰਵਾਏ ਗਏ। ਸਰਕਾਰੀ ਹਸਪਤਾਲ ਦੇ ਡਾਕਟਰ ਮੇਰੇ ਲਈ ਫ਼ਰਿਸ਼ਤੇ ਬਣ ਕੇ ਬਹੁੜੇ ਹਨ। ਮੈਂ ਜ਼ਿੰਦਗੀ ਭਰ ਇਨ੍ਹਾਂ ਦਾ ਅਹਿਸਾਨ ਨਹੀਂ ਭੁੱਲਾਂਗਾ।’

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੀਤੇ ਵਿਸ਼ੇਸ਼ ਉਪਰਾਲੇ

ਜ਼ਿਕਰਯੋਗ ਹੈ ਕਿ ਗੁਰਜੰਟ ਸਿੰਘ ਦੇ ਵੱਡੇ ਬੇਟੇ ਦੀ ਬਾਂਹ ’ਤੇ ਵੀ ਕੁਝ ਸਮਾਂ ਪਹਿਲਾਂ ਸੱਟ ਲੱਗ ਗਈ ਸੀ ਪਰ ਮਿਆਰੀ ਇਲਾਜ ਨਾ ਮਿਲਣ ਕਾਰਨ ਉਸ ਦੀ ਬਾਂਹ ਅੱਜ ਵੀ ਥੋੜੀ ਵਿੰਗੀ ਹੈ। ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਮਿਆਰੀ ਅਤੇ ਸੁਚੱਜੀਆਂ ਸਿਹਤ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ। ਚਾਹੇ ਕੋਈ ਅਮੀਰ ਹੈ ਜਾਂ ਗ਼ਰੀਬ, ਹਰ ਕਿਸੇ ਨੂੰ ਚੰਗਾ ਡਾਕਟਰੀ ਇਲਾਜ ਪ੍ਰਦਾਨ ਕਰਨਾ ਸਾਡਾ ਫ਼ਰਜ਼ ਅਤੇ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ‘ਗੁਰਜੰਟ ਸਿੰਘ ਵਰਗੇ ਗ਼ਰੀਬ ਲੋਕਾਂ ਦਾ ਇਲਾਜ ਕਰਨ ਵਿਚ ਸਾਨੂੰ ਵੀ ਬੇਅੰਤ ਖ਼ੁਸ਼ੀ ਮਿਲਦੀ ਹੈ। ਖ਼ਾਸਕਰ ਉਦੋਂ ਜਦੋਂ ਅਜਿਹੇ ਲੋਕਾਂ ਦਾ ਡਾਕਟਰੀ ਇਲਾਜ ’ਤੇ ਹੋਣ ਵਾਲਾ ਸਾਰਾ ਖ਼ਰਚਾ ਬਚ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਕਈ ਵਾਰ ਜਾਗਰੂਕਤਾ ਦੀ ਘਾਟ ਕਾਰਨ ਲੋਕ ਸਰਕਾਰੀ ਹਸਪਤਾਲਾਂ ਵਿਚ ਜਾਣ ਤੋਂ ਝਿਜਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਿਲਣ ਵਾਲੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ।

ਇਹ ਵੀ ਪੜ੍ਹੋ : ਨਿੱਜੀ ਹਸਪਤਾਲਾਂ ਲਈ ਕੋਵਿਡ ਟੀਕੇ ਦੀਆਂ ਕੀਮਤਾਂ ’ਤੇ ਕੇਂਦਰ ਨੇ ਬਹੁਤ ਦੇਰੀ ਨਾਲ ਲਿਆ ਫੈਸਲਾ : ਸਿਹਤ ਮੰਤਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


Anuradha

Content Editor

Related News