ਵਿਦੇਸ਼ੀ ਧਰਤੀ ’ਤੇ 100 ਵਾਰ ਖੂਨਦਾਨ ਕਰ ਕੇ ਕੀਤਾ ਪੰਜਾਬ ਦਾ ਨਾਂ ਰੌਸ਼ਨ

08/27/2020 8:22:37 AM

ਜਲੰਧਰ, (ਚਾਵਲਾ)- ਪੰਜਾਬੀ ਆਪਣੀ ਬਹਾਦਰੀ ਤੇ ਦਰਿਆਦਿਲੀ ਕਰ ਕੇ ਪੂਰੇ ਸੰਸਾਰ ’ਚ ਇਕ ਖਾਸ ਸਥਾਨ ਬਣਾ ਚੁੱਕੇ ਹਨ। ਲੋੜਵੰਦਾਂ ਦੀ ਮਦਦ ਚਾਹੇ ਕੁਦਰਤੀ ਆਫਤਾਂ ਵੇਲੇ ਹੋਵੇ ਜਾਂ ਕਿਸੇ ਸਮਾਜਕ ਕਾਰਣਾਂ ਕਰ ਕੇ ਹੋਵੇ ਪੰਜਾਬੀ ਆਪਣੇ ਵਿਰਸੇ ਨੂੰ ਸੰਭਾਲਦੇ ਹੋਏ ਅਕਸਰ ਹਰ ਥਾਈਂ ਆਪਣਾ ਯੋਗਦਾਨ ਪਾਉਂਦੇ ਹਨ। ਅਜਿਹਾ ਹੀ ਇਕ ਕਾਰਨਾਮਾ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੀ ਧਰਤੀ ’ਤੇ ਰਹਿੰਦੇ ਲੁਧਿਆਣਾ ਦੇ ਪਿੰਡ ਲੱਖਾ ਦੇ ਭਾਰਤੀ ਵਸਨੀਕ ਪ੍ਰਿਤਪਾਲ ਸਿੰਘ ਸੰਧੂ ਨੇ ਕਰ ਦਿਖਾਇਆ ਹੈ। 2010 ਵਿਚ ਵਿਦੇਸ਼ ਦੀ ਧਰਤੀ ’ਤੇ ਪੈਰ ਰੱਖਣ ਵਾਲੇ ਪ੍ਰਿਤਪਾਲ ਸਿੰਘ ਸੰਧੂ ਨੂੰ ਲੋੜਵੰਦਾਂ ਆਪਣਾ ਖੂਨਦਾਨ ਕਰ ਕੇ ਸ਼ੁਰੂ ਤੋਂ ਖੁਸ਼ੀ ਹੁੰਦੀ ਸੀ। ਬੀਤੇ ਦਿਨੀਂ ਉਸਨੇ ਆਪਣੀ ਜਿੰਦਗੀ ਵਿਚ 100ਵੀਂ ਵਾਰ ਖੂਨਦਾਨ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ‘ਜੱਗ ਬਾਣੀ’ ਨਾਲ ਟੈਲੀਫੋਨ ’ਤੇ ਗੱਲ ਕਰਦਿਆਂ ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੁਝ ਹਮਵਤਨੀ ਸਾਥੀਆਂ ਨਾਲ ਮਿਲਕੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਮੁੱਖ ਰਖਦੇ ਹੋਏ ਤੇਰਾਂ-ਤੇਰਾਂ ਨਾਂ ਦੀ ਸੰਸਥਾ ਚਲਾ ਰਹੇ ਹਨ ਜਿਸਦੇ ਪਲੇਟਫਾਰਮ ਤੋਂ ਅਨੇਕਾਂ ਵਾਰ ਖੂਨਦਾਨ ਕੈਂਪ ਲਗਾ ਕੇ ਜ਼ਰੂਰਤਮੰਦਾਂ ਨੂੰ ਖੂਨ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਨੱਖਤਾ ਦੀ ਸੇਵਾ ਕਰਨ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਪਰਿਵਾਰ ਵਿਸ਼ੇਸ਼ ਕਰਕੇ ਮਾਤਾ ਕਰਮਜੀਤ ਕੌਰ ਤੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਤੇਰਾਂ-ਤੇਰਾਂ ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ’ਚ ਖੂਨਦਾਨ ਕਰਨ ਦੇ ਮਾਮਲੇ ’ਚ ਤੀਜੇ ਨੰਬਰ ’ਤੇ ਆਇਆ ਹੈ।


Bharat Thapa

Content Editor

Related News