ਚੰਦਰਭਾਨ ਡਰੇਨ ਓਵਰਫਲੋਅ ਹੋਣ ਕਾਰਨ ਹਿੰਮਤਪੁਰਾ ਦਾ ਇਕ ਹੋਰ ਪੁਲ ਰੁੜ੍ਹਿਆ

Sunday, Jul 22, 2018 - 08:25 AM (IST)

ਚੰਦਰਭਾਨ ਡਰੇਨ ਓਵਰਫਲੋਅ ਹੋਣ ਕਾਰਨ  ਹਿੰਮਤਪੁਰਾ ਦਾ ਇਕ ਹੋਰ ਪੁਲ ਰੁੜ੍ਹਿਆ

 ਨਿਹਾਲ ਸਿੰਘ ਵਾਲਾ/ਬਿਲਾਸਪੁਰ (ਰਣਜੀਤ ਬਾਵਾ) - ਪਿਛਲੇ ਚਾਰ ਦਿਨਾਂ ਤੋਂ ‘ਚੰਦਰਭਾਨ’ ਡਰੇਨ ਦੇ ਓਵਰਫ਼ਲੋਅ ਹੋਣ ਕਾਰਨ ਹਲਕਾ ਨਿਹਾਲ ਸਿੰਘ ਵਾਲਾ ਦੇ ਕਈ ਪਿੰਡ ਗੰਭੀਰ ਸੰਕਟ ’ਚ ਫਸੇ ਹੋਏ ਹਨ।  ਸਡ਼ਕ ਨੂੰ ਫੋਰ-ਲੇਨ ਕਰਨ ਦੌਰਾਨ ਮੋਗਾ-ਬਰਨਾਲਾ ਰਾਸ਼ਟਰੀ ਮਾਰਗ ’ਤੇ ਪਿੰਡ ਹਿੰਮਤਪੁਰਾ ਦੀ ਹੱਦ ’ਤੇ ਬਣਿਆ ਡਰੇਨ ਦਾ ਆਰਜ਼ੀ ਪੁਲ ਪਾਣੀ ਦੇ ਵਹਾਅ ਕਾਰਨ ਰੁਡ਼੍ਹ ਜਾਣ ਕਰ ਕੇ ਰਾਸ਼ਟਰੀ ਮਾਰਗ ਦੀ ਸਮੁੱਚੀ ਟਰੈਫਿਕ ਪਿਛਲੇ ਚਾਰ ਦਿਨਾਂ ਤੋਂ ਲਿੰਕ ਰੋਡ ਰਾਹੀਂ ਪਿੰਡ ਹਿੰਮਤਪੁਰਾ ਵੱਲੋਂ ਜਾ ਰਹੀ ਹੈ। ਇਸ ਭਾਰੀ ਟਰੈਫਿਕ ਕਾਰਨ ਪਿੰਡ ਹਿੰਮਤਪੁਰਾ ਵਿਖੇ ਡਰੇਨ ’ਤੇ ਬਣਿਆ ਇਕ ਪੁਲ  ਧੱਸ ਗਿਆ ਸੀ, ਜਿਸ ਤੋਂ ਬਾਅਦ ਅੱਜ ਇਕ ਹੋਰ ਡਰੇਨ ਦਾ ਪੁਲ ਵੀ  ਧੱਸ ਗਿਆ। ਪਿੰਡ ਵਾਸੀਆਂ ਵੱਲੋਂ ਸਰਪੰਚ ਚਰਨ ਸਿੰਘ ਦੀ ਅਗਵਾਈ ਹੇਠ ਇਸ ਪੁਲ ਨੂੰ ਠੀਕ ਕਰਨ ਲਈ ਖਬਰ ਲਿਖੇ ਜਾਣ ਤੱਕ ਉਪਰਾਲੇ ਜਾਰੀ ਸਨ ਪਰ ਅੱਜ ਮੁਡ਼ ਹੋਈ ਭਾਰੀ ਬਾਰਿਸ਼ ਕਾਰਨ ਰਾਹਤ ਕਾਰਜ ਪ੍ਰਭਾਵਿਤ ਹੋਏ।  ਹੁਣ ਹਿੰਮਤਪੁਰਾ ਵਿਖੇ ਸਿਰਫ ਡਰੇਨ ਦਾ ਇਕ ਹੀ ਪੁਲ ਬਚਿਆ ਹੈ, ਜਿਸ ਉੱਪਰੋਂ ਕਈ ਜ਼ਿਲਿਆਂ ਦੀ ਟਰੈਫਿਕ ਲੰਘ ਰਹੀ ਹੈ, ਇਹ ਪੁਲ ਵੀ ਘੋਨਾ ਪੁਲ ਹੈ ਜਿਥੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਅੱਜ ਚੌਥੇ ਦਿਨ ਬੇਸ਼ੱਕ ਕੋਈ ਅਹਿਮ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ ਪਰ ਹਲਕਾ ਪਟਵਾਰੀ ਅਤੇ ਕਾਨੂੰਨਗੋ ਇਸ ਮੌਕੇ ਪਹੁੰਚੇ, ਜਿਨ੍ਹਾਂ ਹਾਲਾਤ ਦਾ ਜਾਇਜ਼ਾ ਲਿਆ।  ਜ਼ਿਕਰਯੋਗ ਹੈ ਕਿ ਪਿੰਡ ਮੋਗਾ-ਬਰਨਾਲਾ ਰਾਸ਼ਟਰੀ ਮਾਰਗ ਨੂੰ ਫੋਰ-ਲੇਨ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ । ਇਸ ਦੌਰਾਨ ਪਿੰਡ ਹਿੰਮਤਪੁਰਾ ਦੀ ਹੱਦ ’ਤੇ ਬਣੇ ਡਰੇਨ ਦੇ ਪੁਲ ਨੂੰ ਨਵਾਂ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਰਾਣਾ ਪੁਲ ਢਾਹ ਦਿੱਤਾ ਗਿਆ ਪਰ ਠੇਕੇਦਾਰ ਦੀ ਗਲਤੀ ਕਾਰਨ ਇਸ ਰਾਸ਼ਟਰੀ ਮਾਰਗ ’ਤੇ ਟਰੈਫਿਕ ਚਾਲੂ ਰੱਖਣ ਲਈ ਬਣਾਇਆ ਆਰਜ਼ੀ ਪੁਲ  ਬਹੁਤ ਹੀ ਘਟੀਆ ਕਿਸਮ ਦਾ ਬਣਾਇਆ ਗਿਆ  ਸੀ, ਜਿਸ ਕਾਰਨ ਡਰੇਨ ਦਾ ਇਹ ਆਰਜ਼ੀ ਪੁਲ ਰੁਡ਼੍ਹ ਗਿਆ।
 ਕਿਸਾਨਾਂ ’ਚ ਦਹਿਸ਼ਤ ਦਾ ਮਾਹੌਲ
ਇਸ ਸਮੱਸਿਆ ਕਾਰਨ ਜਿੱਥੇ ਪਿੰਡ ਹਿੰਮਤਪੁਰਾ ਦੀਆਂ ਕਈ ਕਿਸਾਨਾਂ ਦੀਆਂ ਫਸਲਾਂ ਪਾਣੀ ’ਚ ਡੁੱਬੀਆਂ ਹੋਈਆਂ ਹਨ, ਉਥੇ  ਹੀ ਅਜੇ ਮੀਂਹ ਦੀ ਹੋਰ ਸੰਭਾਵਨਾ ਕਾਰਨ ਕਿਸਾਨਾਂ ’ਚ ਦਹਿਸ਼ਤ ਦਾ ਮਾਹੌਲ ਹੈ। ਕਿਸਾਨਾਂ ਨੂੰ ਆਪਣੇ ਖੇਤਾਂ ’ਚੋਂ ਪਸ਼ੂਆਂ ਲਈ ਪੱਠੇ ਲਿਆਉਣ ’ਚ ਵੀ ਭਾਰੀ ਮੁਸ਼ਕਲ ਆ ਰਹੀ ਹੈ।
 ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਬਣੀ ਸਮੱਸਿਆ
 ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਇਹ ਗੰਭੀਰ ਸਮੱਸਿਆ ਪੈਦਾ ਹੋਈ। ਬੇਸ਼ੱਕ ‘ਜਗ ਬਾਣੀ’, ‘ਪੰਜਾਬ ਕੇਸਰੀ’ ਵੱਲੋਂ ਕੁਝ ਦਿਨ ਪਹਿਲਾਂ ਇਸ ਖਤਰੇ ਬਾਰੇ ਪ੍ਰਮੁੱਖਤਾ ਨਾਲ ਰਿਪੋਰਟ ਪੇਸ਼ ਕੀਤੀ  ਗਈ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ’ਤੇ ਅਮਲ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ।
ਜ਼ਿਲਾ ਪ੍ਰਸ਼ਾਸਨ ਬਣਿਆ ਮੂਕ ਦਰਸ਼ਕ
ਲੋਕਾਂ ਨੂੰ  ਇਸ ਸਮੱਸਿਆ ’ਚੋਂ ਬਾਹਰ ਕੱਢਣ ਲਈ ਜ਼ਿਲਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਅਾ ਹੋਇਆ ਹੈ। ਡਿਪਟੀ ਕਮਿਸ਼ਨਰ ਮੋਗਾ ਵੱਲੋਂ ਤਿੰਨ ਦਿਨ ਪਹਿਲਾਂ ਆਪਣੇ ਅਧਿਕਾਰੀਆਂ ਨਾਲ ਨਿਹਾਲ ਸਿੰਘ ਵਾਲਾ ਵਿਖੇ ਬੰਦ ਕਮਰਾ ਮੀਟਿੰਗ ਕੀਤੀ ਗਈ ਸੀ ਪਰ ਉਨ੍ਹਾਂ ਹਲਕੇ ਦੀ ਇਸ ਗੰਭੀਰ ਸਮੱਸਿਆ ਤੋਂ ਅੱਖਾਂ ਫੇਰੀ ਰੱਖੀਆਂ। ਇਥੋਂ ਤੱਕ ਕਿ ਪਿੰਡ ਦੇ ਸਰਪੰਚ ਚਰਨ ਸਿੰਘ ਵੱਲੋਂ ਫੋਨ ’ਤੇ ਅਧਿਕਾਰੀਆਂ ਦੇ ਧਿਆਨ ’ਚ ਇਹ ਮਾਮਲਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਵੀ ਅਧਿਕਾਰੀ ਨੇ ਤਿੰਨੋਂ ਦਿਨ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

 


Related News