ਵਿਆਹ ’ਚ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਵਿਆਹੁਤਾ ਨੂੰ ਕਰਦੇ ਸਨ ਪ੍ਰੇਸ਼ਾਨ
Sunday, Aug 15, 2021 - 04:25 PM (IST)
ਲੁਧਿਆਣਾ (ਵਰਮਾ) : ਥਾਣਾ ਵੂਮੈਨ ਸੈੱਲ ਦੀ ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਪ੍ਰਿਯੰਕਾ ਨਿਵਾਸੀ ਸਰਾਭਾ ਨਗਰ ਨੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਕੋਲ ਆਪਣੇ ਪਤੀ, ਸੱਸ-ਸਹੁਰਾ, ਜੇਠ-ਜਠਾਣੀ, ਭੂਆ ਸੱਸ ਖ਼ਿਲਾਫ਼ ਉਸ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਛੇੜਛਾੜ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਜਿਸ ਦੀ ਜਾਂਚ ਕਰਨ ਲਈ ਪੀੜਤਾ ਦੀ ਸ਼ਿਕਾਇਤ ਨੂੰ ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ ਜਾਂਚ ਲਈ ਭੇਜ ਦਿੱਤਾ ਗਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਪੀੜਤਾ ਦੇ ਪਤੀ ਅਜੇ ਢੰਡ, ਸਹੁਰਾ ਕ੍ਰਿਸ਼ਨ ਪ੍ਰਤਾਪ ਢੰਡ, ਜੇਠ ਅਭੈ ਢੰਡ, ਜਠਾਣੀ ਸ਼ਾਲਿਨੀ ਢੰਡ, ਨਿਵਾਸੀ ਪ੍ਰਕਾਸ਼ ਨਗਰ ਮਾਡਲ ਟਾਊਨ ਜਲੰਧਰ ਖਿਲਾਫ ਪ੍ਰਿਯੰਕਾ ਨੂੰ ਪ੍ਰੇਸ਼ਾਨ ਕਰਨ ਲਈ ਇਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਸਨਕੀ ਪਤੀ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ
ਕੀ ਹੈ ਮਾਮਲਾ
ਪ੍ਰਿਯੰਕਾ ਨੇ ਆਪਣੇ ਸਹੁਰਿਆਂ ’ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਅਜੇ ਢੰਡ ਨਾਲ 26 ਅਪ੍ਰੈਲ 2018 ਨੂੰ ਬੜੀ ਧੂਮਧਾਮ ਨਾਲ ਹੋਇਆ ਸੀ। ਮੇਰੇ ਪੇਕਿਆਂ ਨੇ ਵਿਆਹ ਤੋਂ ਪਹਿਲਾਂ ਅਤੇ ਵਿਆਹ ਵਾਲੇ ਦਿਨ ਮੇਰੇ ਸਹੁਰਿਆਂ ਨੂੰ ਡਾਇਮੰਡ ਅਤੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਅਤੇ ਲੱਖਾਂ ਰੁਪਏ ਨਕਦ ਦਿੱਤੇ ਸਨ। ਮੰਗਣੀ ਤੋਂ ਪਹਿਲਾਂ ਮੇਰੇ ਪਤੀ ਨੇ ਮੈਨੂੰ ਕਿਹਾ ਸੀ ਕਿ ਵਿਆਹ ਨੂੰ ਸਾਨੂੰ ਬ੍ਰਾਂਡਿਡ ਕੰਪਨੀਆਂ ਦਾ ਸਾਮਾਨ ਦੇਣਾ ਅਤੇ ਲਗਜ਼ਰੀ ਕਾਰ ਦੀ ਮੰਗ ਕੀਤੀ ਸੀ ਤਾਂ ਮੇਰੇ ਪੇਕਿਆਂ ਨੇ ਮੈਨੂੰ ਲਗਜ਼ਰੀ ਕਾਰ ਦੇ ਨਾਲ ਲੱਖਾਂ ਰੁਪਏ ਨਕਦ ਦਿੱਤੇ ਸਨ। ਪੀੜਤਾ ਨੇ ਦੱਸਿਆ ਕਿ ਮੇਰੇ ਸਹੁਰਿਆਂ ਨੇ ਵਿਆਹ ਤੋਂ ਪਹਿਲਾਂ ਕਿਹਾ ਸੀ ਕਿ ਸਾਡਾ ਕਾਰੋਬਾਰ ਬਹੁਤ ਵੱਡਾ ਹੈ, ਇਸ ਲਈ ਵਿਆਹ ’ਚ ਬਹੁਤ ਵੱਡੇ-ਵੱਡੇ ਲੋਕ ਆਉਣਗੇ ਤਾਂ ਮੇਰੇ ਪੇਕਿਆਂ ਨੇ ਵਿਆਹ ’ਚ ਕੋਈ ਕਮੀ ਨਹੀਂ ਰੱਖੀ ਅਤੇ ਸਾਰੇ ਰਿਸ਼ਤੇਦਾਰਾਂ ਅਤੇ ਇਨ੍ਹਾਂ ਦੇ ਫਰੈਂਡ ਸਰਕਲ ਦਾ ਚੰਗੇ ਹੋਟਲ ’ਚ ਇੱਜ਼ਤ-ਮਾਣ ਕੀਤਾ ਸੀ। ਪੇਕਿਆਂ ਨੇ ਵਿਆਹ ’ਚ ਕਰੋੜਾਂ ਰੁਪਏ ਖਰਚ ਕੀਤੇ ਸਨ। ਇਸ ਦੇ ਬਾਵਜੂਦ ਮੇਰੇ ਸਹੁਰੇ ਵਾਲੇ ਮੇਰੇ ਪੇਕਿਆਂ ਵੱਲੋਂ ਦਿੱਤੇ ਇਸਤਰੀ ਧਨ ਤੋਂ ਖੁਸ਼ ਨਹੀਂ ਸਨ ਅਤੇ ਮੈਨੂੰ ਤਾਹਨੇ ਮਾਰਦੇ ਸਨ ਕਿ ਸਾਡੀ ਵੱਡੀ ਨੂੰਹ ਦੇ ਪੇਕਿਆਂ ਨੇ ਮਹਿੰਗੇ ਤੋਹਫਿਆਂ ਤੋਂ ਇਲਾਵਾ ਸਾਡੇ ਨਾਂ ਲੱਖਾਂ ਰੁਪਏ ਦੀ ਐੱਫ. ਡੀ. ਦਿੱਤੀ ਸੀ। ਤੇਰੇ ਪੇਕਿਆਂ ਨੇ ਸਾਡੀ ਬਿਰਾਦਰੀ ’ਚ ਨੱਕ ਕਟਵਾ ਦਿੱਤੀ ਹੈ। ਸਾਨੂੰ ਵਿਚੋਲੇ ਨੇ ਕਿਹਾ ਸੀ ਕਿ ਵਿਆਹ ’ਚ ਡੇਢ ਕਰੋੜ ਦੀ ਗੱਡੀ ਤੋਂ ਇਲਾਵਾ ਕਰੋੜਾਂ ਰੁਪਏ ਨਕਦ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਜ਼ਿਲ੍ਹਾ ਗੁਰਦਾਸਪੁਰ ’ਚ ਪੂਰੇ ਉਤਸ਼ਾਹ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ 75ਵਾਂ ਆਜ਼ਾਦੀ ਦਿਹਾੜਾ
ਪੀੜਤਾ ਨੇ ਆਪਣੇ ਜੇਠ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਹ ਮੇਰੇ ਨਾਲ ਛੇੜਛਾੜ ਕਰਦਾ ਸੀ ਅਤੇ ਸਰੀਰਕ ਸਬੰਧ ਬਣਾਉਣ ਲਈ ਕਹਿੰਦਾ ਸੀ। ਜਦੋਂ ਮੈਂ ਵਿਰੋਧ ਕੀਤਾ ਤਾਂ ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਜਦੋਂ ਇਹ ਗੱਲ ਮੈਂ ਆਪਣੇ ਪਤੀ ਨੂੰ ਦੱਸੀ ਤਾਂ ਉਸ ਨੇ ਕਿਹਾ ਕਿ ਉੱਚੇ ਘਰਾਣਿਆਂ ’ਚ ਇਹ ਆਮ ਗੱਲ ਹੈ। ਮੇਰੇ ਪੇਕਿਆਂ ਨੇ ਮੇਰੀ ਖੁਸ਼ੀ ਖਾਤਿਰ ਸਹੁਰਿਆਂ ਨੂੰ ਲੱਖਾਂ ਰੁਪਏ ਦੀ ਐੱਫ. ਡੀ. ਦੇ ਦਿੱਤੀ। ਇਨ੍ਹਾਂ ਐੱਫ. ਡੀ. ’ਤੇ ਸਹੁਰਿਆਂ ਨੇ ਬੈਂਕ ਲੋਨ ਲੈ ਲਿਆ। ਪੀੜਤਾ ਨੇ ਦੱਸਿਆ ਕਿ ਮੇਰੇ ਪੇਕੇ ਵਾਲਿਆਂ ਵੱਲੋਂ ਜੋ ਮੈਨੂੰ ਇਸਤਰੀ ਧਨ ਦਿੱਤਾ ਗਿਆ ਸੀ, ਉਹ ਸਭ ਮੇਰੀ ਸੱਸ ਅਤੇ ਜਠਾਣੀ ਨੇ ਇਹ ਕਹਿ ਕੇ ਲੈ ਲਿਆ ਕਿ ਅੱਜ ਕੱਲ ਸਮਾਂ ਨਹੀਂ ਹੈ ਆਪਣੇ ਕੋਲ ਕੀਮਤੀ ਸਾਮਾਨ ਰੱਖਣ ਦਾ, ਜਿਸ ’ਤੇ ਮੈਂ ਆਪਣਾ ਸਾਰਾ ਇਸਤਰੀ ਧਨ ਆਪਣੇ ਸਹੁਰਿਆਂ ਨੂੰ ਦੇ ਦਿੱਤਾ। ਜਦੋਂ ਮੈਂ ਪੇਕੇ ਜਾਣ ਲਈ ਆਪਣੇ ਇਸਤਰੀ ਧੰਨ ਦੀ ਮੰਗ ਕੀਤੀ ਤਾਂ ਮੇਰੇ ਪਤੀ ਅਤੇ ਮੇਰੇ ਸਹੁਰੇ ਨੇ ਮੇਰੇ ਨਾਲ ਕੁੱਟ-ਮਾਰ ਕੀਤੀ ਅਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਅਤੇ ਕਹਿਣ ਲੱਗੇ ਕਿ ਜਦੋਂ ਤੱਕ ਤੇਰੇ ਪੇਕੇ ਵਾਲੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਤੈਨੂੰ ਇਸ ਘਰ ’ਚ ਰਹਿਣ ਦਾ ਕੋਈ ਹੱਕ ਨਹੀਂ ਹੈ। ਜਦੋਂ ਇਹ ਗੱਲ ਮੈਂ ਆਪਣੇ ਪੇਕਿਆਂ ਨੂੰ ਦੱਸੀ ਤਾਂ ਉਹ ਮੇਰੇ ਸਹੁਰੇ ਆਏ ਤਾਂ ਮੇਰੇ ਗਰਭਵਤੀ ਹੋਣ ਦੀ ਰਿਪੋਰਟ ਆਉਣ ਕਾਰਨ ਉਨ੍ਹਾਂ ਨੇ ਮੇਰੇ ਸਹੁਰਿਆਂ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਮੈਨੂੰ ਆਪਣੇ ਨਾਲ ਵਾਪਸ ਆਪਣੇ ਘਰ ਲੈ ਆਏ। ਕੁਝ ਦਿਨਾਂ ਬਾਅਦ ਪੰਚਾਇਤੀ ਫੈਸਲੇ ਤੋਂ ਬਾਅਦ ਮੈਂ ਫਿਰ ਆਪਣੇ ਸਹੁਰੇ ਘਰ ਵਾਪਸ ਚਲੀ ਗਈ। ਪੀੜਤਾ ਨੇ ਆਪਣੀ ਜਠਾਣੀ ’ਤੇ ਵੀ ਦੋਸ਼ ਲਾਇਆ ਕਿ ਉਸ ਨੇ ਮੈਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮੇਰਾ ਗਰਭਪਾਤ ਕਰਵਾਉਣ ਦਾ ਯਤਨ ਕੀਤਾ, ਜਦੋਂ ਇਹ ਗੱਲ ਮੇਰੇ ਪੇਕੇ ਵਾਲਿਆਂ ਨੂੰ ਪਤਾ ਲੱਗੀ ਤਾਂ ਉਹ ਮੈਨੂੰ ਫਿਰ ਆਪਣੇ ਨਾਲ ਲੈ ਆਏ ਅਤੇ ਮੈਨੂੰ ਨਰਸਿੰਗ ਹੋਮ ’ਚ ਦਾਖਲ ਕਰਵਾਇਆ ਅਤੇ ਮੇਰਾ ਗਰਭਪਾਤ ਹੋਣੋਂ ਬਚ ਗਿਆ। ਕੁਝ ਸਮੇਂ ਬਾਅਦ ਮੈਂ ਬੱਚੇ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਮੈਂ ਫਿਰ ਆਪਣੇ ਸਹੁਰੇ ਚਲੀ ਗਈ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਅਤੇ ਮੇਰਾ ਸਾਰਾ ਇਸਤਰੀ ਧਨ ਆਪਣੇ ਕੋਲ ਰੱਖ ਲਿਆ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਘਰੋਂ ਬਾਹਰ ਕੱਢ ਦਿੱਤਾ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਤੇਜ਼ ਰਫਤਾਰ ਟੈਂਕਰ ਨੇ ਕੁੱਚਲੇ ਦੋ ਸਕੇ ਭਰਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ