ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਵੱਲੋਂ ASI ਗ੍ਰਿਫ਼ਤਾਰ
Thursday, Apr 28, 2022 - 11:39 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ, ਪਵਨ ਤਨੇਜਾ, ਖੁਰਾਣਾ) : ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਏ. ਐੱਸ. ਆਈ. ਅੰਗਰੇਜ਼ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜੀਲੈਂਸ ਬਿਊਰੋ ਮੁਕਤਸਰ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਥਾਣਾ ਵਿਜੀਲੈਂਸ ਬਠਿੰਡਾ 'ਚ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਪਿੰਡ ਲੋਹਗੜ੍ਹ ਦੇ ਵਾਸੀ ਅਵਨਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਦੇ ਚੰਡੀਗੜ੍ਹ ਦਫ਼ਤਰ ਨੂੰ ਭੇਜੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਹੈ ਅਤੇ ਪਿਛਲੇ ਸਾਲ ਜਦ ਉਹ ਮਾਣਯੋਗ ਅਦਾਲਤ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਭੁਗਤਣ ਆਇਆ ਤਾਂ ਉਸ ਦਾ ਆਪਣੇ ਸਾਲ਼ੇ ਨਾਲ ਮਾਮੂਲੀ ਝਗੜਾ ਹੋ ਗਿਆ ਅਤੇ ਉਸ ਦੇ ਸਾਲ਼ੇ ਨੇ ਉਸ 'ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰਵਾ ਦਿੱਤਾ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਦਿੱਲੀ ਮਾਡਲ ਨੇ ਪੰਜਾਬ ਦੀ ਬਿਜਲੀ ਕੀਤੀ ਗੁੱਲ
ਇਸ ਮਾਮਲੇ ਦੀ ਤਫਤੀਸ਼ ਏ. ਐੱਸ. ਆਈ. ਅੰਗਰੇਜ਼ ਸਿੰਘ ਕਰ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ ਅੰਗਰੇਜ਼ ਸਿੰਘ ਨੇ ਇਸ ਮਾਮਲੇ ਦਾ ਜਲਦੀ ਚਲਾਨ ਪੇਸ਼ ਕਰਨ ਅਤੇ ਉਸ ਨੂੰ ਬਰੀ ਕਰਵਾਉਣ ਲਈ 7 ਹਜ਼ਾਰ ਰੁਪਏ ਲਏ ਸਨ ਪਰ ਹੁਣ ਅੰਗਰੇਜ਼ ਸਿੰਘ 7 ਹਜ਼ਾਰ ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਇਸ ਸਬੰਧੀ ਵੀਡੀਓ ਬਣਾ ਲਈ ਤੇ ਵਿਜੀਲੈਂਸ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਵਿਜੀਲੈਂਸ ਦੇ ਡੀ. ਐੱਸ. ਪੀ. ਸੰਦੀਪ ਸਿੰਘ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੇ ਹੁਕਮ ਪ੍ਰਾਪਤ ਹੋਏ ਸਨ, ਪੜਤਾਲ ਕਰਕੇ ਅੱਜ ਏ. ਐੱਸ. ਆਈ. ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ 'ਤੇ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਠਿੰਡਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ 'ਤੇ ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ, ਇਕ ਹੋਰ ਅਧਿਕਾਰੀ 'ਤੇ ਡਿੱਗੀ ਗਾਜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ