12 ਲੱਖੀ ਰਿਸ਼ਵਤ ਮਾਮਲੇ ਦੇ ਨਤੀਜੇ ਜਲਦ ਆ ਸਕਦੇ ਸਾਹਮਣੇ
Friday, Jun 09, 2023 - 05:32 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ ) : ਪ੍ਰਾਪਰਟੀ ਮਾਮਲੇ ’ਚ ਸ਼ਹਿਰ ਦੇ ਬਹੁਚਰਚਿਤ 12 ਲੱਖੀ ਕਥਿਤ ਰਿਸ਼ਵਤ ਮਾਮਲੇ ਵਿਚ ਪ੍ਰਸ਼ਾਸਨਿਕ ਜਾਂਚ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਹੈ। ਬੇਸ਼ੱਕ ਇਸ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਦੇ ਬਿਆਨਾਂ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਨੇ ਜਾਂਚ ਰਿਪੋਰਟ ਸ੍ਰੀ ਮੁਕਤਸਰ ਸਾਹਿਬ ਦੇ ਉਸ ਸਮੇਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੂੰ ਸੌਂਪ ਦਿੱਤੀ ਸੀ ਪਰ ਉਨ੍ਹਾਂ ਦੀ ਬਦਲੀ ਤੋਂ ਬਾਅਦ ਪ੍ਰਸ਼ਾਸਨਿਕ ਤੌਰ ’ਤੇ ਇਕ ਵਾਰ ਇਸ ਮਾਮਲੇ ਦੀ ਜਾਂਚ ਰਿਪੋਰਟ ਸਬੰਧੀ ਠਹਿਰਾਅ ਨਜ਼ਰ ਆ ਰਿਹਾ ਸੀ। ਸਾਰਾ ਮਾਮਲਾ ਮਾਲ ਵਿਭਾਗ ਨਾਲ ਸਬੰਧਿਤ ਹੋਣ ਕਾਰਨ ਮਾਲ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਜ਼ਰੂਰੀ ਸੀ। ਇਸਦੇ ਚੱਲਦਿਆ ਹੁਣ ਤਹਿਸੀਲਦਾਰ ਦਫ਼ਤਰ ਵੱਲੋਂ ਪੂਰੇ ਮਾਮਲੇ ਨੂੰ ਘੋਖਿਆ ਜਾ ਰਿਹਾ ਹੈ।
ਇਸ ਮਾਮਲੇ ਵਿਚ ਤਹਿਸੀਲਦਾਰ ਦਫ਼ਤਰ ਪੜਤਾਲ ਕਰ ਰਿਹਾ ਹੈ ਜਿਸਦੇ ਚੱਲਦਿਆਂ ਹੁਣ ਕਥਿਤ 12 ਲੱਖੀ ਰਿਸ਼ਵਤ ਮਾਮਲੇ ਵਾਲੀ ਜਗ੍ਹਾ ਦੀ ਪੂਰੀ ਖੇਵਟ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਤੇ ਫਿਲਹਾਲ ਤਹਿਸੀਲਦਾਰ ਦਫ਼ਤਰ ਵੱਲੋਂ ਇੱਕ ਪੱਤਰ ਕੱਢ ਕੇ ਰੋਕ ਲਾ ਦਿੱਤੀ ਗਈ ਹੈ। ਤਹਿਸੀਲਦਾਰ ਦਫ਼ਤਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸੰਗੂਧੌਣ ਜਿਸ ਨਾਲ ਸਬੰਧਿਤ ਇਹ ਰਕਬਾ ਹੈ ਦੇ ਪਟਵਾਰੀ ਨੂੰ ਭੇਜੇ ਪੱਤਰ ਨੰਬਰ 959 ਮਿਤੀ 5 ਜੂਨ 2023 ਵਿਚ ਲਿਖਿਆ ਹੈ ਕਿ ਪਿੰਡ ਸੰਗੂਧੌਣ ਦੀ ਖੇਵਟ ਨੰਬਰ 235 ਦੇ ਮਾਲ ਰਿਕਾਰਡ ਵਿਚ ਕੋਈ ਤਬਦੀਲੀ ਜਾਂ ਟਰਾਜੈਕਸ਼ਨ ਨਾ ਕੀਤੀ ਜਾਵੇ। ਇਸ ਸਬੰਧੀ ਦਫ਼ਤਰ ਵਿਖੇ ਇਕ ਸ਼ਿਕਾਇਤ ਦੀ ਪੜਤਾਲ ਚੱਲ ਰਹੀ ਹੈ। ਦੱਸ ਦੇਈਏ ਕਿ ਇਸ ਖੇਵਟ ਅਧੀਨ 128 ਕਨਾਲਾਂ 7 ਮਰਲੇ ਦੇ ਕਰੀਬ ਜ਼ਮੀਨ ਆਉਂਦੀ ਹੈ ਜਿਸਦੇ ਰਿਕਾਰਡ ਸਬੰਧੀ ਕੋਈ ਤਬਦੀਲੀ ਜਾਂ ਟਰਾਂਜ਼ੈਕਸ਼ਨ ਤੇ ਲਿਖਤੀ ਪੱਤਰ ਉਪਰੰਤ ਤਹਿਸੀਲਦਾਰ ਵੱਲੋਂ ਰੋਕ ਲਾ ਦਿੱਤੀ ਗਈ ਹੈ।
ਇਹ ਹੈ 12 ਲੱਖੀ ਮਾਮਲਾ
ਕਥਿਤ ਤੌਰ ’ਤੇ ਜੋ ਮਾਮਲਾ ਚਰਚਾ ਵਿਚ ਰਿਹਾ ਉਸ ਅਨੁਸਾਰ ਪਿੰਡ ਸੰਗੂਧੌਣ ਵਾਸੀ ਇਕ ਵਿਅਕਤੀ ਦੀ ਜ਼ਮੀਨ ਜਿਸ ’ਤੇ ਕਰੋੜਾਂ ਰੁਪਏ ਦਾ ਲੋਨ ਸੀ ਦਾ ਇੰਤਕਾਲ ਇਕ ਪਟਵਾਰੀ ਅਤੇ ਉਸਦੇ ਕਰਿੰਦੇ ਅਤੇ ਜ਼ਮੀਨੀ ਕਾਰੋਬਾਰ ਨਾਲ ਜੁੜੇ ਵਿਅਕਤੀਆਂ ਦੇ ਕਥਿਤ ਗਠਜੋੜ ਦੀ ਸ਼ਹਿ ਤੇ 12 ਲੱਖ ਰੁਪਏ ਦੀ ਰਿਸ਼ਵਤ ਲੈਣ ਉਪਰੰਤ ਮਨਜ਼ੂਰ ਕਰ ਦਿੱਤਾ ਗਿਆ। ਜਦ ਇਸ ਮਾਮਲੇ ਵਿਚ ਰੌਲਾ ਵਧਿਆ ਤਾਂ ਮਾਲ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਪਹਿਲਾ ਆਪ ਹੀ ਮਨਜ਼ੂਰ ਕੀਤਾ ਇੰਤਕਾਲ ਮੁੜ ਕਥਿਤ ਤੌਰ ’ਤੇ ਬਿਨ੍ਹਾਂ ਕਿਸੇ ਰੀਵਿਊ ਦੇ ਆਪ ਹੀ ਨਾ ਮਨਜ਼ੂਰ ਕਰ ਦਿੱਤਾ ਗਿਆ। ਇਸ ਮਾਮਲੇ ਦੌਰਾਨ ਮਾਰ ਹੇਠ ਆਈਆਂ ਧਿਰਾਂ ਨੇ ਜਦ ਰੌਲਾ ਪਾਇਆ ਤਾਂ ਰਿਸ਼ਵਤ ਵਾਲਾ ਜਿੰਨ ਬਾਹਰ ਆਉਣ ਲੱਗਾ। ਇਸ ਦੌਰਾਨ ਹੀ ਇਸ ਮਾਮਲੇ ਦੀ ਜਾਂਚ ਏ. ਡੀ. ਸੀ ਵੱਲੋਂ ਸ਼ੁਰੂ ਕੀਤੀ ਗਈ ਅਤੇ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੂੰ ਸੌਂਪ ਦਿੱਤੀ ਗਈ ਪਰ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਬਦਲੀ ਹੋ ਜਾਣ ਉਪਰੰਤ ਪੂਰੇ ਮਾਮਲੇ ਵਿਚ ਠਹਿਰਾਅ ਆ ਗਿਆ ਸੀ।