ਪੁਰਾਣੇ ਵਿਕਾਸ ਕਾਰਜਾਂ ਦੇ ਬਿੱਲ ਬਣਾ ਕੇ ਨਗਰ ਕੌਂਸਲ ਨੂੰ ਲੁੱਟਣ ਦੇ ਲਾਏ ਦੋਸ਼

Wednesday, Nov 08, 2017 - 12:50 PM (IST)

ਪੁਰਾਣੇ ਵਿਕਾਸ ਕਾਰਜਾਂ ਦੇ ਬਿੱਲ ਬਣਾ ਕੇ ਨਗਰ ਕੌਂਸਲ ਨੂੰ ਲੁੱਟਣ ਦੇ ਲਾਏ ਦੋਸ਼

ਸੰਗਰੂਰ (ਬਾਵਾ) - ਨਗਰ ਕੌਂਸਲ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਐਡਵੋਕੇਟ ਮਹੇਸ਼ ਕੁਮਾਰ ਮੇਸ਼ੀ ਨੇ ਦੋਸ਼ ਲਾਇਆ ਹੈ ਕਿ ਨਗਰ ਕੌਂਸਲ ਸੰਗਰੂਰ ਦੇ ਅਧਿਕਾਰੀ ਇਕ ਸੇਵਾ ਮੁਕਤ ਅਧਿਕਾਰੀ ਨਾਲ ਮਿਲ ਕੇ ਨਗਰ ਕੌਂਸਲ ਸੰਗਰੂਰ ਦੇ 15–20 ਸਾਲ ਪੁਰਾਣੇ ਬਿੱਲ ਬਣਾ ਕੇ ਉਸ ਦੀ ਅਦਾਇਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਡਵੋਕੇਟ ਮੇਸ਼ੀ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨੂੰ 3 ਨਵੰਬਰ ਨੂੰ ਲਿਖਤੀ ਜਾਣਕਾਰੀ ਦਿੱਤੀ ਗਈ ਸੀ ਕਿ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਵੱਲੋਂ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ 15-20 ਸਾਲ ਪਹਿਲਾਂ ਦੇ ਕੌਂਸਲ ਵਿਚ ਕੀਤੇ ਵਿਕਾਸ ਕਾਰਜਾਂ ਦੀ ਲੇਬਰ ਦੀ ਪੇਮੈਂਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਪ੍ਰਧਾਨ ਵੱਲੋਂ ਪੁਰਾਣੇ ਕਲੇਮ ਦੀ ਪੇਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸਰਾਸਰ ਗਲਤ ਹੈ। 

ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ
ਉਕਤ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਸੇਵਾ ਮੁਕਤ ਅਧਿਕਾਰੀ ਨੇ 22 ਲੱਖ ਰੁਪਏ ਉਸ ਸਮੇਂ ਹੋਏ ਵਿਕਾਸ ਕਾਰਜਾਂ ਦੀ ਲੇਬਰ ਦੇ ਲੈਣ ਲਈ ਕਲੇਮ ਕੀਤਾ ਹੈ। ਕੌਂਸਲਰ ਮਹੇਸ਼ ਕੁਮਾਰ ਮੇਸ਼ੀ ਵੱਲੋਂ ਭੇਜੀ ਲਿਖਤੀ ਸ਼ਿਕਾਇਤ ਵੀ ਉਨ੍ਹਾਂ ਨੂੰ ਮਿਲ ਗਈ ਹੈ। ਉਹ ਨਗਰ ਕੌਂਸਲ ਦਾ ਪੁਰਾਣਾ ਰਿਕਾਰਡ ਚੈੱਕ ਕਰਨ ਉਪਰੰਤ ਹੀ ਉਕਤ ਸੇਵਾ ਮੁਕਤ ਅਧਿਕਾਰੀ ਨੂੰ ਉਸ ਦੀ ਬਣਦੀ ਪੇਮੈਂਟ ਦੇਣਗੇ। 

ਕੀ ਕਹਿੰਦੇ ਹਨ ਕੌਂਸਲ ਦੇ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਰਿਪੂਦਮਨ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਤੱਕ ਸੇਵਾ ਮੁਕਤ ਅਧਿਕਾਰੀ ਨੂੰ ਕੋਈ ਅਦਾਇਗੀ ਕਰਨ ਦੀ ਫਾਈਲ ਨਹੀਂ ਆਈ ਹੈ। ਢਿੱਲੋਂ ਨੇ ਕਿਹਾ ਕਿ ਜੇਕਰ ਕੋਈ ਪੁਰਾਣੀ ਅਦਾਇਗੀ ਦੇਣੀ ਪਵੇਗੀ ਤਾਂ ਉਸ ਦੀ ਹਾਊਸ ਵਿਚੋਂ ਪ੍ਰਵਾਨਗੀ ਲਈ ਜਾਵੇਗੀ। 


Related News