ਆਨਲਾਈਨ ਰਜਿਸਟਰੀਆਂ ਬਣੀਆਂ ਲੋਕਾਂ ਦੀ ਸਿਰਦਰਦੀ
Saturday, Jul 07, 2018 - 01:38 AM (IST)

ਬਠਿੰਡਾ(ਅਬਲੂ )-ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਹਰ ਵਿਭਾਗ ਨੂੰ ਕੰਪਿਊਟਰ ਦੇ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਸਾਰਾ ਕੰਮ ਪਾਰਦਰਸ਼ੀ ਹੋ ਸਕੇ ਅਤੇ ਰਿਸ਼ਵਤਖੋਰੀ ’ਤੇ ਲਗਾਮ ਕੱਸੀ ਜਾ ਸਕੇ। ਸਭ ਤੋਂ ਅਹਿਮ ਵਿਭਾਗ ਜੋ ਹਰ ਜ਼ਿਲੇ ਵਿਚ ਅਮੀਰ ਅਤੇ ਮਲਾਈ ਵਾਲਾ ਵਿਭਾਗ ਹੈ, ਉਹ ਹੈ ਤਹਿਸੀਲ ਵਿਭਾਗ, ਜਿੱਥੇ ਸਭ ਤੋਂ ਜ਼ਿਆਦਾ ਰਿਸ਼ਵਤਖੋਰੀ ਅਤੇ ਮੋਟੀ ਕਮਾਈ ਮੰਨੀ ਜਾਂਦੀ ਹੈ। ਸਰਕਾਰ ਨੇ ਇਸ ਵਿਭਾਗ ਨੂੰ ਆਨਲਾਈਨ ਕੰਪਿਊਟਰ ਨਾਲ ਇਸ ਕਰਕੇ ਜੋੜਿਆ ਤਾਂ ਕਿ ਲੋਕਾਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ ਪਰ ਇਹ ਆਨਲਾਈਨ ਹੁਣ ਆਨਲਾਈਟ ਹੋ ਕੇ ਰਹਿ ਗਿਆ ਹੈ।
ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਅਤੇ ਤਹਿਸੀਲ ਵਿਚ ਰਜਿਸਟਰੀਆਂ ਕਰਾਉਣ ਆਏ ਲੋਕਾਂ ਨਾਲ ਕੀਤੀ ਗੱਲਬਾਤ ਤੋਂ ਇਹ ਸਿੱਟਾ ਸਾਹਮਣੇ ਆਇਆ ਕਿ ਪਹਿਲਾਂ ਤਾਂ ਲੋਕਾਂ ਨੂੰ ਹਨੇਰੇ ਵਿਚ ਰੱਖ ਕੇ ਲੁੱਟਿਆ ਜਾਂਦਾ ਸੀ ਪਰ ਹੁਣ ਤਾਂ ਆਨਲਾਈਟ ਭਾਵ ਸ਼ਰੇਆਮ ਦਿਨ-ਦਿਹਾੜੇ ਹੀ ਲੁੱਟਿਆ ਜਾ ਰਿਹਾ ਹੈ। ਪਿੰਡ ਦਿਉਣ ਤੋਂ ਆਪਣੇ ਪਲਾਟ ਦੀ ਰਜਿਸਟਰੀ ਕਰਾਉਣ ਆਏ ਪਾਲ ਸਿੰਘ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਹ ਸਵੇਰੇ 9 ਵਜੇ ਦੇ ਤਹਿਸੀਲ ਦਫਤਰ ਵਿਚ ਆਏ ਹਨ ਤੇ ਹੁਣ 4 ਵੱਜ ਚੁੱਕੇ ਹਨ ਪਰ ਅਜੇ ਤੱਕ ਤਹਿਸੀਲਦਾਰ ਸਾਹਿਬ ਨਹੀਂ ਆਏ, ਜਦਕਿ ਇਕ ਹਫਤਾ ਪਹਿਲਾਂ ਆਨਲਾਈਨ ਬੁੱਕ ਕਰਾ ਕੇ ਤਰੀਕ ਲਈ ਹੋਈ ਸੀ। ਗੋਨਿਆਣਾ ਮੰਡੀ ਤੋਂ ਇਕ ਵਪਾਰੀ ਰਾਮ ਕੁਮਾਰ ਨੇ ਦੋਸ਼ ਲਾਇਆ ਕਿ ਅੱਗੇ ਤਾਂ ਸਵੇਰੇ ਆ ਕੇ ਰਜਿਸਟਰੀ ਵਸੀਕਾ ਨਵੀਸ ਕੋਲ ਅਸ਼ਟਾਮ ਪੇਪਰ ਲੈ ਕੇ ਲਿਖਾ ਲਈ ਜਾਂਦੀ ਸੀ ਅਤੇ ਤਹਿਸੀਲਦਾਰ ਕੋਲ ਪੇਸ਼ ਕਰ ਕੇ ਕੰਮ ਨਿਬੇੜ ਲਿਆ ਜਾਂਦਾ ਸੀ ਪਰ ਹੁਣ ਤਾਂ ਸਰਕਾਰ ਨੇ ਕੰਮ ਹੋਰ ਵੀ ਅੌਖਾ ਕਰ ਦਿੱਤਾ ਹੈ। ਪਹਿਲਾਂ ਸਾਰੇ ਕਾਗਜ਼ ਤਿਆਰ ਕਰਵਾ ਕੇ ਵਸੀਕਾ ਨਵੀਸ ਨੂੰ ਦਿੱਤੇ ਜਾਂਦੇ ਹਨ, ਫਿਰ ਰਜਿਸਟਰੀ ਕਰਾਉਣ ਦੀ ਆਨਲਾਈਨ ਤਰੀਕ ਲਈ ਜਾਂਦੀ ਹੈ, ਫਿਰ ਮਿਲੀ ਤਰੀਕ ’ਤੇ ਤਹਿਸੀਲਦਾਰ ਨਾਾ ਹੋਵੇ ਤਾਂ ਸਾਰਾ ਦਿਨ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀ ਦੀ ਆਨਲਾਈਨ ਫੀਸ ਦੇ 700 ਰੁਪਏ ਤੋਂ 1 ਹਜ਼ਾਰ ਰੁਪਏ ਤੱਕ ਲੈ ਲਏ ਜਾਂਦੇ ਹਨ, ਜਦਕਿ ਇਹ ਫੀਸ ਬਹੁਤ ਮਾਮੂਲੀ ਦੱਸੀ ਜਾਂਦੀ ਹੈ ਅਤੇ ਇਹ ਸਭ ਤਹਿਸੀਲ ਦਫਤਰ ਦੇ ਬਾਬੂਆਂ ਨਾਲ ਮਿਲੀਭੁਗਤ ਤੋਂ ਬਿਨਾਂ ਅਸੰਭਵ ਹੈ। ਬਠਿੰਡਾ ਦੇ ਲਾਲ ਸਿੰਘ ਬਸਤੀ ਤੋਂ ਆਏ ਸੋਹਣ ਲਾਲ ਨੇ ਵੀ ਦੋਸ਼ ਲਾਇਆ ਕਿ ਉਨ੍ਹਾਂ ਦਾ ਭਰਾ ਜੋ ਕਿ ਕਾਂਗਰਸ ਪਾਰਟੀ ਦਾ ਜ਼ਿਲਾ ਪ੍ਰਧਾਨ ਵੀ ਹੈ, ਨੇ ਲੋਕਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਕੇ ਰਜਿਸਟਰੀ ਵੇਲੇ ਕਿਸੇ ਨਗਰ ਕੌਂਸਲਰ ਦੀ ਗਵਾਹੀ ਬੰਦ ਕਰਾ ਦਿੱਤੀ ਸੀ, ਜਿਸ ਦੇ 500 ਰੁਪਏ ਜਾਂ ਇਸ ਤੋਂ ਵੀ ਵੱਧ ਲੈ ਲਏ ਜਾਂਦੇ ਸਨ। ਸੋਹਣ ਲਾਲ ਦੇ ਦੱਸਣ ਮੁਤਾਬਕ ਜਦੋਂ ਸਰਕਾਰ ਵੱਲੋਂ ਰਜਿਸਟਰੀ ਕਰਾਉਣ ਵੇਲੇ ਆਧਾਰ ਕਾਰਡ ਜਾਂ ਪੈਨ ਕਾਰਡ ਦੀ ਕਾਪੀ ਲਈ ਜਾਂਦੀ ਹੈ ਤਾਂ ਗਵਾਹੀ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ ਪਰ ਕੁਝ ਦਿਨ ਬੰਦ ਕਰ ਕੇ ਫਿਰ ਗਵਾਹੀ ਚਾਲੂ ਕਰ ਦਿੱਤੀ ਹੈ। ਸੋਹਣ ਲਾਲ ਨੇ ਕਿਹਾ ਕਿ ਆਨਲਾਈਨ ਬੁਕਿੰਗ ਤੋਂ ਲੈ ਕੇ ਰਜਿਸਟਰੀ ਹੋਣ ਤੱਕ ਹਰ ਜਗ੍ਹਾ ਰੁਪਏ ਦੇਣੇ ਪੈਂਦੇ ਹਨ।
ਸੋਹਣ ਲਾਲ ਦੇ ਮੁਤਾਬਕ ਦਿੱਤੇ ਜਾਂਦੇ ਪੈਸਿਆਂ ਦਾ ਵੇਰਵਾ
* ਸਭ ਤੋਂ ਪਹਿਲਾਂ ਆਨਲਾਈਨ ਬੁਕਿੰਗ ਦੇ 700 ਤੋਂ 1 ਹਜ਼ਾਰ ਰੁਪਏ।
* ਫਿਰ ਆਨਲਾਈਨ ਫੀਸ ਭਰਨ ਦੇ 500 ਤੋਂ 1 ਹਜ਼ਾਰ ਰੁਪਏ।
* ਕੰਪਿਊਟਰ ਰੂਮ ਵਿਚ 200 ਤੋਂ 300 ਰੁਪਏ ਤੱਕ।
* ਰਜਿਸਟਰੀ ਹੋਣ ਤੋਂ ਬਾਅਦ ਦਸਤਖਤ ਕਰਾਉਣ ਸਮੇਂ 100 ਰੁਪਏ ਤੋਂ 200 ਰੁਪਏ ਤੱਕ।
* ਰਜਿਸਟਰੀ ਹੋਣ ਤੋਂ ਬਾਅਦ ਇੰਤਕਾਲ ਕਰਾਉਣ ਲਈ 500 ਤੋਂ 800 ਰੁਪਏ ਤੱਕ।
* ਪਟਵਾਰੀ ਦੇ ਕੋਲ ਇੰਤਕਾਲ ਦਰਜ ਕਰਾਉਣ ਲਈ 300 ਤੋਂ 600 ਰੁਪਏ ਤੱਕ।
ਕੀ ਕਹਿਣੈ ਤਹਿਸੀਲਦਾਰ ਦਾ
ਜਦੋਂ ਇਨ੍ਹਾਂ ਲੋਕਾਂ ਵੱਲੋਂ ਲਏ ਗਏ ਦੋਸ਼ਾਂ ਸਬੰਧੀ ਤਹਿਸੀਲਦਾਰ ਸੁਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਸਭ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਹੀ ਕਿਹਾ ਕਿ ਜੋ ਪੁੱਛਣਾ ਹੈ ਲਿਖਤੀ ਰੂਪ ਵਿਚ ਦਿਓ, ਮੈਂ ਇਸ ਬਾਰੇ ਫੋਨ ’ਤੇ ਕੁਝ ਨਹੀਂ ਦੱਸ ਸਕਦਾ। ਤਹਿਸੀਲ ਦੇ ਬਾਹਰ ਕੀ ਹੋ ਰਿਹਾ ਹੈ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਮੇਰੀ ਕੋਈ ਜ਼ਿੰਮੇਵਾਰੀ ਬਣਦੀ ਹੈ।