ਮੰਤਰੀ ਜਿੰਪਾ ਦੀ ਪਟਵਾਰੀਆਂ ਨੂੰ ਅਪੀਲ, ਕਿਹਾ-ਹੜਤਾਲ ਛੱਡਣ ਤੇ ਸਰਕਾਰ ਨਾਲ ਕਰਨ ਗੱਲਬਾਤ

Sunday, May 08, 2022 - 01:02 PM (IST)

ਮੰਤਰੀ ਜਿੰਪਾ ਦੀ ਪਟਵਾਰੀਆਂ ਨੂੰ ਅਪੀਲ, ਕਿਹਾ-ਹੜਤਾਲ ਛੱਡਣ ਤੇ ਸਰਕਾਰ ਨਾਲ ਕਰਨ ਗੱਲਬਾਤ

ਜਲੰਧਰ (ਧਵਨ)- ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪੰਜਾਬ ਭਰ ਦੇ ਪਟਵਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਮ ’ਤੇ ਪਰਤਣ ਅਤੇ ਭ੍ਰਿਸ਼ਟ ਤੱਤਾਂ ਦਾ ਸਮਰਥਨ ਨਾ ਕਰਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਟਵਾਰੀਆਂ ਦੇ ਮਾਮਲੇ ਨੂੰ ਲੈ ਕੇ ਬੈਠਕ ਕਰਨ ਤੋਂ ਬਾਅਦ ਜਿੰਪਾ ਨੇ ਕਿਹਾ ਕਿ ਪਟਵਾਰੀਆਂ ਨੇ ਉਸ ਅਧਿਕਾਰੀ ਦੇ ਸਮਰਥਨ ’ਚ ਹੜਤਾਲ ਕੀਤੀ ਹੋਈ ਹੈ, ਜਿਸ ਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਪਟਵਾਰੀ ਦੇ ਘਰੋਂ 33 ਰਜਿਸਟਰੀਆਂ ਵੀ ਵਿਜੀਲੈਂਸ ਨੇ ਬਰਾਮਦ ਕੀਤੀਆਂ ਸੀ ਅਤੇ ਉਹ ਲੰਬੜਦਾਰੀ ਵੀ ਕਰ ਰਿਹਾ ਸੀ, ਜਿਸ ਦਾ 2 ਲੱਖ ਰੁਪਏ ਤੋਂ ਜ਼ਿਆਦਾ ਦਾ ਭੱਤਾ ਲਿਆ ਹੋਇਆ ਸੀ। ਉਸ ਨੇ ਆਪਣੀ ਮਾਤਾ ਦੇ ਨਾਂ ’ਤੇ 25 ਲੱਖ ਰੁਪਏ ਦੀ ਰਾਸ਼ੀ ਵੀ ਰੱਖੀ ਹੋਈ ਸੀ।

ਇਹ ਵੀ ਪੜ੍ਹੋ: ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹ ਖ਼ੁਦ ਪਟਵਾਰੀਆਂ ਨਾਲ ਉਨ੍ਹਾਂ ਦੇ ਸਾਰੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਤਿਆਰ ਹਨ ਪਰ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਹੈ। ਪਟਾਵਾਰੀਆਂ ਨੂੰ ਸਰਕਾਰ ਦੀ ਅਪੀਲ ਨੂੰ ਧਿਆਨ ’ਚ ਰੱਖਦੇ ਹੋਏ ਕੰਮ ’ਤੇ ਪਰਤਣਾ ਚਾਹੀਦਾ ਹੈ, ਤਾਂ ਕਿ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਣਾ ਪਵੇ। ਜਿੰਪਾ ਨੇ ਕਿਹਾ ਕਿ ਜੇਕਰ ਪਟਵਾਰੀਆਂ ਨੇ ਆਪਣੀ ਹੜਤਾਲ ਖਤਮ ਨਾ ਕੀਤੀ ਤਾਂ ਸਰਕਾਰ ਨੂੰ ਸਖਤੀ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਪਟਵਾਰੀਆਂ ਨੇ ਆਪਣਾ ਮਾਮਲਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਹਮਣੇ ਰੱਖਿਆ ਹੈ ਪਰ ਵਿਜੀਲੈਂਸ ਦੀ ਕਾਰਵਈ ਦੇ ਮਾਮਲੇ ਵਿਚ ਅਸੀਂ ਦਖਲ-ਅੰਦਾਜ਼ੀ ਨਹੀਂ ਕਰ ਸਕਦੇ ਹਾਂ, ਜੇਕਰ ਫਿਰ ਵੀ ਪਟਵਾਰੀਆਂ ਨੂੰ ਲੱਗਦਾ ਹੈ ਕਿ ਕੁਝ ਗੱਲ ਗਲਤ ਹੋਈ ਹੈ ਤਾਂ ਉਹ ਉਨ੍ਹਾਂ ਨਾਲ ਬੈਠਕ ਕਰ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਖੁੱਲ੍ਹੇ ਦਿਲੋਂ ਉਨ੍ਹਾਂ ਨਾਲ ਬੈਠਕ ਕਰਨ ਨੂੰ ਤਿਆਰ ਹਨ। ਜਿੰਪਾ ਨੇ ਕਿਹਾ ਕਿ ਜੇਕਰ ਪਟਵਾਰੀ ਲੰਮੀਂ ਹੜਤਾਲ ’ਤੇ ਜਾਂਦੇ ਹਨ ਤਾਂ ਸਰਕਾਰ ਨੂੰ ਲੋਕਾਂ ਦੇ ਹਿਤਾਂ ’ਚ ਉਤਰਦੇ ਹੋਏ ਸਖਤੀ ਵੀ ਕਰਨੀ ਪੈ ਸਕਦੀ ਹੈ। ਸਰਕਾਰ ਮਾਲੀਆ ਅਤੇ ਤਹਿਸੀਲਾਂ ਦਾ ਕੰਮ-ਕਾਜ ਪ੍ਰਭਾਵਿਤ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਹੜਤਾਲ ਨੂੰ ਉਚਿਤ ਨਹੀਂ ਮੰਨਦੇ ਹਨ।

ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ’ਚ ਹੁਸ਼ਿਆਰਪੁਰ ਦਾ ਜਵਾਨ ਸ਼ਹੀਦ, ਮਾਨ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਦੀ ਮਦਦ ਦੇਣ ਦਾ ਐਲਾਨ

ਸਰਕਾਰ ਦੇ ਦਰਵਾਜੇ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ। ਸਰਕਾਰ ਕਦੇ ਵੀ ਅੜੀਅਲ ਰੁਖ਼ ਨਹੀਂ ਅਪਣਾਏਗੀ, ਸਗੋਂ ਖੁੱਲ੍ਹੇ ਦਿਲ ਨਾਲ ਉਨ੍ਹਾਂ ਨਾਲ ਗੱਲਬਾਤ ਕਰੇਗੀ ਪਰ ਜੋ ਗੱਲ ਗਲਤ ਹੈ, ਉਹ ਤਾਂ ਗਲਤ ਹੀ ਰਹੇਗੀ। ਜਿੰਪਾ ਨੇ ਕਿਹਾ ਕਿ ਘੱਟ ਤੋਂ ਘੱਟ ਪਟਵਾਰੀਆਂ ਨੂੰ ਜਨਤਾ ਦੇ ਹਿਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਨਤਾ ਦੇ ਹਿਤਾਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰੇਗੀ।

ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News