CM ਮਾਨ ਦਾ ਚੇੱਨਈ ਤੇ ਹੈਦਰਾਬਾਦ ਦੌਰਾ ਪੰਜਾਬ ਦੇ ਸਨਅਤੀ ਵਿਕਾਸ ਨੂੰ ਹੋਰ ਤੇਜ਼ ਕਰਨ ''ਚ ਹੋਵੇਗਾ ਸਹਾਈ : ਜਿੰਪਾ

Saturday, Dec 24, 2022 - 04:48 PM (IST)

CM ਮਾਨ ਦਾ ਚੇੱਨਈ ਤੇ ਹੈਦਰਾਬਾਦ ਦੌਰਾ ਪੰਜਾਬ ਦੇ ਸਨਅਤੀ ਵਿਕਾਸ ਨੂੰ ਹੋਰ ਤੇਜ਼ ਕਰਨ ''ਚ ਹੋਵੇਗਾ ਸਹਾਈ : ਜਿੰਪਾ

ਚੰਡੀਗੜ੍ਹ : ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ 'ਚ ਸਨਅਤੀ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਚੇੱਨਈ ਅਤੇ ਹੈਦਰਾਬਾਦ ਦਾ ਕੀਤਾ ਦੌਰਾ ਸੂਬੇ ਲਈ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਉੱਚ ਅਫ਼ਸਰਾਂ ਦੇ ਵਫ਼ਦ ਸਮੇਤ ਵੱਡੇ ਉਦਯੋਗਪਤੀਆਂ ਨਾਲ ਨਿੱਜੀ ਪੱਧਰ ‘ਤੇ ਕੀਤੀਆਂ ਮੀਟਿੰਗਾਂ ਨਾਲ ਪੰਜਾਬ ਨੂੰ ਭਵਿੱਖ 'ਚ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮਜ਼ਬੂਤ ਅਤੇ ਈਮਾਨਦਾਰ ਸਰਕਾਰ ਹੋਣ ਕਰਕੇ ਪੰਜਾਬ ਨਿਵੇਸ਼ਕਾਂ ਦੀ ਪਹਿਲੀ ਅਤੇ ਸਭ ਤੋਂ ਵਧੀਆ ਪਸੰਦ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ 23-24 ਫਰਵਰੀ ਨੂੰ ਐੱਸ. ਏ. ਐੱਸ., ਨਗਰ, ਮੋਹਾਲੀ ਵਿਖੇ ਕਰਵਾਏ ਜਾ ਰਹੇ ਨਿਵੇਸ਼ ਸੰਮੇਲਨ ਦੌਰਾਨ ਪੰਜਾਬ 'ਚ ਵੱਡਾ ਨਿਵੇਸ਼ ਆਉਣ ਦੀਆਂ ਸੰਭਾਵਨਾਵਾਂ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਉਦਯੋਗਿਕ ਹੱਬ ਵਜੋਂ ਉਭਾਰਨ ਦਾ ਦ੍ਰਿੜ੍ਹ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚੇ ਪੱਧਰ 'ਤੇ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਥਾਹ ਮੌਕਿਆਂ ਦੀ ਧਰਤੀ ਹੈ ਅਤੇ ਨਿਵੇਸ਼ ਤੇ ਕਾਰੋਬਾਰ ਦੇ ਵਿਸਥਾਰ ਲਈ ਇਹ ਸਭ ਤੋਂ ਅਨੁਕੂਲ ਸੂਬਾ ਹੈ।
ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਦੇਸ਼ ਦੀਆਂ ਵੱਡੀਆਂ ਉਦਯੋਗਿਕ ਥਾਂਵਾਂ ਦਾ ਦੌਰਾ ਜਿੱਥੇ ਇਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੋਰ ਤੇਜ਼ ਕਰੇਗਾ, ਉੱਥੇ ਦੂਜੇ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਵੀ ਖੋਲ੍ਹੇਗਾ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਨੇ ਪੰਜਾਬ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਵਾਲੇ ਨਵੇਂ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਅਨੁਕੂਲ ਮਾਹੌਲ ਦੇਣ ਦਾ ਭਰੋਸਾ ਦਿੱਤਾ ਹੈ। ਜਿੰਪਾ ਨੇ ਆਸ ਪ੍ਰਗਟਾਈ ਹੈ ਕਿ ਮੁੱਖ ਮੰਤਰੀ ਦਾ ਇਹ ਦੌਰਾ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ।


author

Babita

Content Editor

Related News