ਰੈਗੂਲਰ ਭਰਤੀ ਤੋਂ ਬਾਅਦ ਠੇਕੇ ''ਤੇ ਭਰਤੀ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ
Saturday, Jun 01, 2019 - 08:54 AM (IST)

ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ 'ਚ ਡਾਕਟਰਾਂ ਦੀ ਕਮੀ ਹੋਣ ਕਰਕੇ ਪਿਛਲੇ 5 ਸਾਲਾਂ ਦੇ ਵੱਧ ਸਮੇਂ ਤੋਂ ਇਹ ਪੋਸਟਾਂ ਖਾਲੀ ਪਈਆਂ ਸਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਖਾਲੀ ਪਈਆਂ 55 ਅਸਾਮੀਆਂ 'ਤੇ ਨਿਯੁਕਤੀ ਨਾਲ ਉਨ੍ਹਾਂ ਨੇ ਈ. ਐਸ. ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਡਾਕਟਰਾਂ ਦੇ 100 ਫੀਸਦੀ ਕੋਟੇ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਮਾਹਿਰ ਡਾਕਟਰਾਂ ਦੀਆਂ ਇਹ ਪੋਸਟਾਂ ਈ. ਐਸ. ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਖਾਲੀ ਸਨ, ਜੋ ਕਿ ਉਦਯੋਗਿਕ ਇਕਾਈਆਂ/ਸੰਸਥਾਵਾਂ 'ਚ ਕੰਮ ਕਰਨ ਵਾਲੇ ਘੱਟ ਆਮਦਨ ਵਾਲੇ ਬੀਮਾ ਧਾਰਕ ਵਿਅਕਤੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਸਭ ਤੋਂ ਵੱਡੀ ਰੁਕਾਵਟ ਸੀ।
ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ 'ਚ ਪੰਜਾਬ ਮੰਤਰੀ ਪਰਿਸ਼ਦ ਨੇ ਠੇਕੇ 'ਤੇ ਈ. ਐਸ. ਆਈ. ਹਸਪਤਾਲਾਂ 'ਚ ਖਾਲੀ ਅਸਾਮੀਆਂ ਨੂੰ ਭਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਠੇਕੇ 'ਤੇ ਇਹ ਭਰਤੀ ਇੱਕ ਸਾਲ ਲਈ ਹੈ ਅਤੇ ਇਸ ਦੀ ਮਿਆਦ ਹਰ ਸਾਲ ਵਧਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 3 ਫੀਸਦੀ ਸਲਾਨਾ ਵਾਧੇ ਨਾਲ ਮੈਡੀਕਲ ਅਫ਼ਸਰ ਨੂੰ ਮਹੀਨਾਵਾਰ ਤਨਖਾਹ 50,000 ਰੁਪਏ ਅਤੇ ਮੈਡੀਕਲ ਅਫ਼ਸਰ (ਸਪੈਸ਼ਲਿਸਟ) ਨੂੰ 1 ਲੱਖ ਰੁਪਏ ਮਹੀਨਾਵਾਰ ਤਨਖਾਹ ਮਿਲੇਗੀ। ਬ੍ਰਹਮ ਮਹਿੰਦਰਾ ਨੇ ਕਿ ਲੋੜ ਨੂੰ ਤੁਰੰਤ ਪੂਰਾ ਕਰਨ ਲਈ ਇਨ੍ਹਾਂ ਅਸਾਮੀਆਂ ਨੂੰ ਰੈਗੂਲਰ ਉਮੀਦਵਾਰ ਮਿਲਣ ਤੱਕ ਠੇਕੇ 'ਤੇ ਭਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿਹਤ ਵਿਭਾਗ ਵਲੋਂ ਨਿਯਮਿਤ ਕਰਮਚਾਰੀ ਨਿਯੁਕਤ ਕੀਤੇ ਜਾਣਗੇ, ਤਾਂ ਠੇਕੇ 'ਤੇ ਭਰਤੀ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।