ਖੁਸ਼ੀ-ਖੁਸ਼ੀ ਫੌਜ ''ਚ ਭਰਤੀ ਹੋਣ ਲਈ ਗਿਆ ਸੀ ਨੌਜਵਾਨ ਪਰ ਘਰ ਆਉਂਦੇ ਸਮੇਂ ਲਗਾ ਲਿਆ ਮੌਤ ਨੂੰ ਗਲੇ  (ਤਸਵੀਰਾਂ)

Thursday, Aug 24, 2017 - 07:02 PM (IST)

ਖੁਸ਼ੀ-ਖੁਸ਼ੀ ਫੌਜ ''ਚ ਭਰਤੀ ਹੋਣ ਲਈ ਗਿਆ ਸੀ ਨੌਜਵਾਨ ਪਰ ਘਰ ਆਉਂਦੇ ਸਮੇਂ ਲਗਾ ਲਿਆ ਮੌਤ ਨੂੰ ਗਲੇ  (ਤਸਵੀਰਾਂ)

ਹੁਸ਼ਿਆਰਪੁਰ(ਸਮੀਰ)— ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਲਮੀਨ 'ਚੋਂ ਇਕ 19 ਸਾਲ ਦੇ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਭਾਰਤੀ ਫੌਜ 'ਚ ਭਰਤੀ ਹੋਣਾ ਚਾਹੁੰਦਾ ਸੀ। ਭਰਤੀ ਨਾ ਹੋਣ ਕਾਰਨ ਉਹ ਸਦਮੇ 'ਚ ਆ ਗਿਆ, ਜਿਸ ਕਾਰਨ ਉਸ ਨੇ ਇਹ ਖੌਫਨਾਕ ਕਦਮ ਚੁੱਕ ਲਿਆ। ਜਾਣਕਾਰੀ ਮੁਤਾਬਕ ਲਮੀਨ ਦਾ ਰਹਿਣ ਵਾਲਾ ਮਨਕਰਨ ਸਿੰਘ ਫਿਰੋਜ਼ਪੁਰ 'ਚ ਭਾਰਤੀ ਫੌਜ ਦੀ ਭਰਤੀ ਲਈ ਗਿਆ ਸੀ ਪਰ ਉਸ ਦੀ ਇੱਛਾ ਉਸ ਸਮੇਂ ਪੂਰੀ ਨਹੀਂ ਹੋ ਸਕੀ ਜਦੋਂ ਮਨਕਰਨ ਦੌੜ ਦਾ ਟੈਸਟ ਪੂਰਾ ਨਾ ਕਰ ਸਕਿਆ ਅਤੇ ਉਸ ਨੂੰ ਭਰਤੀ ਤੋਂ ਕੱਢ ਦਿੱਤਾ ਗਿਆ। ਮਨਕਰਨ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਮਨਕਰਨ ਨੂੰ ਫੌਜ 'ਚ ਭਰਤੀ ਹੋਣ ਦਾ ਬਹੁਤ ਸ਼ੌਂਕ ਸੀ। ਭਰਤੀ ਨਾ ਹੋਣ ਕਰਕੇ ਮਨਕਰਨ ਨੂੰ ਇਹ ਸਦਮਾ ਲੱਗ ਗਿਆ ਕਿ ਉਹ ਫੌਜੀ ਨਹੀਂ ਬਣ ਸਕਿਆ। ਬੱਸ ਤੋਂ ਉਤਰ ਕੇ ਘਰ ਵਾਪਸ ਆਉਂਦੇ ਸਮੇਂ ਜਦੋਂ ਉਹ ਆਪਣੀ ਮਾਮੇ ਦੇ ਬੇਟੇ ਨਾਲ ਘਰ ਵੱਲ ਆ ਰਿਹਾ ਸੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਮਨਕਰਨ ਨੇ ਮੋਟਰਸਾਈਕਲ ਤੋਂ ਉਤਰ ਕੇ ਮੁਕੇਰੀਆ ਹਾਈਡਲ ਨਹਿਰ ਉੱਚੀ ਬੱਸੀ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। 
ਦਸੂਹਾ ਪੁਲਸ ਨੇ ਪਰਿਵਾਰ ਦੇ ਬਿਆਨÎਾਂ 'ਤੇ ਮ੍ਰਿਤਕ ਦੀ ਲਾਸ਼ ਦੀ ਭਾਲ ਨਹਿਰ ਅਤੇ ਬਿਆਸ ਨਦੀ 'ਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਥਾਣਾ ਇੰਚਾਰਜ ਦਸੂਹਾ ਪਲਵਿੰਦਰ ਸਿੰਘ ਦਾ ਕਹਿਣਾ ਹੈ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਲਾਸ਼ ਦੀ ਭਾਲ ਕਰਨ 'ਚ ਕਾਫੀ ਮੁਸ਼ਕਿਲ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ।


Related News