ਫਗਵਾੜਾ: ਦੋ ਜਿਗਰੀ ਦੋਸਤਾਂ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ, ਸਾਹਮਣੇ ਆਈ ਵਜ੍ਹਾ ਨੇ ਉਡਾਏ ਪੁਲਸ ਦੇ ਹੋਸ਼

Sunday, Oct 17, 2021 - 06:06 PM (IST)

ਫਗਵਾੜਾ (ਜਲੋਟਾ)– ਆਖਦੇ ਨੇ ਇਸ ਦੁਨੀਆ 'ਚ ਦੋਸਤੀ ਦਾ ਰਿਸ਼ਤਾ ਸਭ ਤੋਂ ਜ਼ਿਆਦਾ ਮਜ਼ਬੂਤ, ਪੱਕਾ ਅਤੇ ਪਵਿੱਤਰ ਹੁੰਦਾ ਹੈ ਪਰ ਕਲਯੁਗ ਵਿਚ ਹੁਣ ਇਹ ਰਿਸ਼ਤਾ ਵੀ ਭਰੋਸੇ ਲਾਇਕ ਨਹੀਂ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਫਗਵਾੜਾ ਵਿਚ ਉਸ ਵੇਲੇ ਸਾਹਮਣੇ ਆਈ ਜਦੋਂ ਫਗਵਾੜਾ ਪੁਲਸ ਨੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਏ ਇਕ ਨੌਜਵਾਨ ਦੇ ਮਾਮਲੇ ਦੀ ਤਫ਼ਤੀਸ਼ ਕਰਦੇ ਹੋਏ ਕੁਝ ਹੀ ਘੰਟਿਆਂ ਵਿਚ ਇਹ ਸਾਰਾ ਮਾਮਲਾ ਸੁਲਝਾ ਲਿਆ ਅਤੇ ਜਾਣਕਾਰੀ ਦਿੱਤੀ ਕਿ ਲਾਪਤਾ ਹੋਏ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਅਤੇ ਉਸ ਦਾ ਕਤਲ ਕਰਨ ਵਾਲੇ ਕੋਈ ਹੋਰ ਨਹੀਂ ਉਸ ਦੇ ਦੋ ਜਿਗਰੀ ਦੋਸਤ ਹੀ ਹਨ।

'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਫਗਵਾੜਾ ਦੇ ਐੱਸ. ਪੀ. ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਪ੍ਰਿਯਾਂਸ਼ੂ ਸ਼ਰਮਾ ਪੁੱਤਰ ਅਨਿਲ ਪ੍ਰਕਾਸ਼ ਸ਼ਰਮਾ ਵਾਸੀ ਪਿੰਡ ਉਰਲਾ ਥਾਣਾ ਆਂਵਲਾ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਹਾਲ ਵਾਸੀ ਲਾ ਗੇਟ ਮਹੇੜੂ ਤਹਿਸੀਲ ਫਗਵਾੜਾ ਭੇਦਭਰੇ ਹਾਲਾਤ ਵਿਚ ਲਾਪਤਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਦੀ ਇਕ ਟੀਮ ਬਣਾਈ ਗਈ। ਮਿਤੀ 16 ਅਕਤੂਬਰ ਨੂੰ ਹਿਮਾਸ਼ੂ ਸ਼ਰਮਾ ਪੁੱਤਰ ਅਨਿਲ ਪ੍ਰਕਾਸ਼ ਸ਼ਰਮਾ ਵਾਸੀ ਪਿੰਡ ਉਰਲਾ ਥਾਣਾ ਅਮਲੋਹ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਨੇ ਥਾਣਾ ਸਤਨਾਮਪੁਰਾ ਦੀ ਐੱਸ. ਐੱਚ. ਓ. ਐੱਸ. ਆਈ. ਅਮਨਪ੍ਰੀਤ ਕੌਰ ਪਾਸ ਹਾਜ਼ਰ ਹੋ ਕੇ ਬਿਆਨ ਲਿਖਾਇਆ ਕਿ ਉਸ ਦਾ ਭਰਾ ਪ੍ਰਿਯਾਂਸ਼ੂ ਸ਼ਰਮਾ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋਇਆ ਹੈ। ਇਸ ਸਬੰਧੀ ਉਸ ਨੂੰ ਸ਼ੱਕ ਹੈ ਕਿ ਉਸ ਦੇ ਜਿਗਰੀ ਦੋਸਤਾਂ ਚੰਦਗੀ ਰਾਮ ਉਰਫ਼ ਦੂਬੇ ਪੁੱਤਰ ਦਇਆ ਸ਼ੰਕਰ ਦੂਬੇ ਵਾਸੀ ਪਿੰਡ ਦੁੱਸ਼ਣਾ ਥਾਣਾ ਮਣਕਾਪੁਰਾ ਜ਼ਿਲ੍ਹਾ ਗੋਂਡਾ ਉੱਤਰ ਪ੍ਰਦੇਸ਼ ਹਾਲ ਵਾਸੀ ਲਾ ਗੇਟ ਮਹੇੜੂ ਅਤੇ ਰਾਹੁਲ ਜੈਸਵਾਲ ਪੁੱਤਰ ਮੰਗਲ ਜੈਸਵਾਲ ਵਾਸੀ ਮੁਧਈ ਪੁਰ ਗੋਠੀਆ ਥਾਣਾ ਦਿਹਾਤ ਕੋਤਵਾਲੀ ਜ਼ਿਲ੍ਹਾ ਗੋਂਡਾ ਉੱਤਰ ਪ੍ਰਦੇਸ਼ ਨੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਅਗਵਾ ਕੀਤਾ ਹੈ।

ਇਹ ਵੀ ਪੜ੍ਹੋ: ਇਕਬਾਲ ਸਿੰਘ ਲਾਲਪੁਰਾ ਦੇ ਬੇਬਾਕ ਬੋਲ, ਸਿੱਖਾਂ 'ਚ ਹੋ ਰਹੀ ਧਰਮ ਤਬਦੀਲੀ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

ਐੱਸ. ਪੀ. ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਇਸ ਸੂਚਨਾ ਤੋਂ ਬਾਅਦ ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਨੇ ਧਾਰਾ 364,34 ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਜਦੋਂ ਇਸ ਦੀ ਤਫ਼ਤੀਸ਼ ਐੱਸ. ਆਈ. ਅਮਨਪ੍ਰੀਤ ਕੌਰ ਵੱਲੋਂ ਡੂੰਘਾਈ ਨਾਲ ਕੀਤੀ ਗਈ ਤਾਂ ਇਹ ਤੱਥ ਸਾਹਮਣੇ ਆਇਆ ਕਿ ਪ੍ਰਿਯਾਂਸ਼ੂ ਸ਼ਰਮਾ ਦਾ ਕਤਲ ਉਸ ਦੇ ਜਿਗਰੀ ਦੋਸਤ ਚੰਦਗੀ ਰਾਮ ਉਰਫ਼ ਦੂਬੇ ਅਤੇ ਰਾਹੁਲ ਜੈਸਵਾਲ ਨੇ ਮਿਲ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਇਕਸਾਫ ਕੀਤਾ ਹੈ ਕਿ ਉਨ੍ਹਾਂ ਨੇ ਪ੍ਰਿਯਾਂਸ਼ੂ ਸ਼ਰਮਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸਫੈਦਿਆਂ ਵਾਲੇ ਖੇਤ ਵਿੱਚ ਸੁੱਟ ਦਿੱਤਾ ਅਤੇ ਉਸ ਦਾ ਮੋਬਾਈਲ ਫੋਨ ਅੱਗੇ ਝੋਨੇ ਦੇ ਖੇਤ ਵਿੱਚ ਸੁੱਟਣ ਤੋਂ ਬਾਅਦ ਉਸ ਦੀ ਸਕੂਟਰੀ ਕਮਾਦ ਦੇ ਖੇਤ ਵਿੱਚ ਸੁੱਟ ਦਿੱਤੀ ਹੈ।  ਤਫ਼ਤੀਸ਼ ਦੌਰਾਨ ਚੰਦਗੀ ਰਾਮ ਉਰਫ਼ ਦੂਬੇ ਅਤੇ ਰਾਹੁਲ ਜੈਸਵਾਲ ਵੱਲੋਂ ਤਹਿਸੀਲਦਾਰ ਪਵਨ ਕੁਮਾਰ ਦੀ ਹਾਜ਼ਰੀ ਵਿੱਚ ਮ੍ਰਿਤਕ ਪ੍ਰਿਆਂਸ਼ੂ ਦੀ ਕਤਲ ਕੀਤੀ ਗਈ ਲਾਸ਼, ਉਸ ਦਾ ਮੋਬਾਇਲ ਫੋਨ ਅਤੇ ਸਕੂਟਰੀ ਬਰਾਮਦ ਕਰਵਾਈ ਗਈ ਹੈ, ਜਿਸ ਤੋਂ ਬਾਅਦ ਥਾਣਾ ਸਤਨਾਮਪੁਰਾ ਵਿਖੇ ਦਰਜ ਕੀਤੇ ਗਏ ਪੁਲਸ ਕੇਸ ਵਿਚ ਧਾਰਾ 302,201 ਜੁਰਮ ਦਾ ਵਾਧਾ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਚੰਦਗੀ ਰਾਮ, ਰਾਹੁਲ ਜੈਸਵਾਲ ਤੇ ਪ੍ਰਿਯਾਂਸ਼ੂ ਸ਼ਰਮਾ ਇਕੋ ਹੀ ਕਮਰੇ 'ਚ ਰਹਿੰਦੇ ਸਨ 
ਉਨ੍ਹਾਂ ਦੱਸਿਆ ਕਿ ਹਾਲੇ ਤੱਕ ਹੋਈ ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਚੰਦਗੀ ਰਾਮ ਉਰਫ਼ ਦੂਬੇ ਅਤੇ ਰਾਹੁਲ ਜੈਸਵਾਲ ਕਤਲ ਕੀਤੇ ਗਏ ਪ੍ਰਿਆਂਸ਼ੂ ਸ਼ਰਮਾ ਨਾਲ ਇਕੋ ਹੀ ਕਮਰੇ ਵਿਚ ਰਹਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੰਦਗੀ ਰਾਮ ਉਰਫ਼ ਦੂਬੇ ਅਤੇ ਰਾਹੁਲ ਜੈਸਵਾਲ ਪੀਜੀਆ ਆਦਿ ਦੇ ਰੱਖ ਰਖਾਅ ਦਾ ਕਾਰਜ ਕਰਦੇ ਹਨ ਜਦਕਿ ਕਤਲ ਕੀਤਾ ਗਿਆ ਪ੍ਰਿਆਂਸ਼ੂ ਸ਼ਰਮਾ ਪੇਸ਼ੇ ਵਜੋਂ ਜਿੰਮ ਵਿਚ ਸਾਫ਼-ਸਫ਼ਾਈ ਆਦਿ ਕਰਨ ਦਾ ਕਾਰਜ ਕਰਦਾ ਸੀ। 

ਇਹ ਵੀ ਪੜ੍ਹੋ: ਦੁਸਹਿਰੇ ਦੇ ਤਿਉਹਾਰ ਮੌਕੇ ਦੋ ਕਰੋੜ ਦੀਆਂ ਜਲੇਬੀਆਂ ਖਾ ਗਏ ਜਲੰਧਰ ਵਾਸੀ

PunjabKesari

ਇਕ ਮਹਿਲਾ ਕਾਰਨ ਹੋਇਆ ਪ੍ਰਿਯਾਂਸ਼ੂ ਦਾ ਕਤਲ 
ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਦੋਸਤਾਂ ਦੀ ਜ਼ਿੰਦਗੀ ਵਿਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਇਕ ਮਹਿਲਾ, ਜਿਸ ਦਾ ਤਲਾਕ ਹੋ ਚੁੱਕਿਆ ਹੈ ਆਈ ਅਤੇ ਉਸ ਦੀ ਕੁਝ ਸਮੇਂ ਪਹਿਲਾ ਪ੍ਰਿਯਾਂਸ਼ੂ ਸ਼ਰਮਾ ਦੇ ਨਾਲ ਦੋਸਤੀ ਹੋ ਗਈ। ਦੋਹਾਂ ਦੀ ਦੋਸਤੀ ਹੋਣ 'ਤੇ ਦੋਹਾਂ ਦੋਸਤਾਂ ਵੱਲੋਂ ਸਖ਼ਤ ਇਤਰਾਜ਼ ਕੀਤਾ ਗਿਆ ਕਿਉਂਕਿ ਸਬੰਧਤ ਮਹਿਲਾ ਇਨ੍ਹਾਂ ਦੋਸਤਾਂ ਵਿੱਚੋਂ ਇਕ ਦੋਸਤ ਦੇ ਵੀ ਖਾਸੀ ਕਰੀਬੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਦੋਸ਼ੀ ਕਾਤਲਾਂ ਨੇ ਪ੍ਰਿਯਾਂਸ਼ੂ ਸ਼ਰਮਾ ਅਤੇ ਮੋਬਾਈਲ ਫੋਨ ਚੋਰੀ ਹੋਣ ਦਾ ਵੀ ਇਲਜ਼ਾਮ ਲਗਾ ਦਿੱਤਾ, ਜਿਸ ਵਿਚ ਸਬੰਧਤ ਮਹਿਲਾ ਦੀਆਂ ਜ਼ਰੂਰੀ ਫੋਟੋਆਂ ਆਦਿ ਸਨ। ਉਨ੍ਹਾਂ ਕਿਹਾ ਕਿ ਜਦ ਮਾਮਲਾ ਵਧਿਆ ਤਾਂ ਇਨ੍ਹਾਂ ਦੋਸਤਾਂ ਵਿਚ ਆਪਸੀ ਗੱਲਬਾਤ ਨੂੰ ਲੈ ਕੇ ਤਕਰਾਰ ਵਧ ਗਈ, ਜਿਸ ਤੋਂ ਬਾਅਦ ਕਤਲ ਕੀਤੇ ਗਏ ਪ੍ਰਿਯਾਂਸ਼ੂ ਸ਼ਰਮਾ ਨੇ ਆਪਣੇ ਦੋਵੇਂ ਦੋਸਤਾਂ ਚੰਦਗੀ ਰਾਮ ਉਰਫ਼ ਦੂਬੇ ਅਤੇ ਰਾਹੁਲ ਜੈਸਵਾਲ ਨੂੰ ਯੂ. ਪੀ. ਤੋਂ ਪਿਸਤੌਲ ਲਿਆ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਇਹ ਵੀ ਐਲਾਨ ਕੀਤਾ ਕਿ ਉਹ ਆਪਣੀ ਤਲਾਕਸ਼ੁਦਾ ਮਹਿਲਾ ਦੋਸਤ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਛੱਡੇਗਾ।

ਇਹ ਵੀ ਪੜ੍ਹੋ: ਰੂਪਨਗਰ ਪੁਲਸ ਵੱਲੋਂ ਅੰਤਰਰਾਜੀ ਗੈਂਗ ਦਾ ਪਰਦਾਫਾਸ਼, ਹਥਿਆਰਾਂ ਸਣੇ 5 ਮੁਲਜ਼ਮ ਗ੍ਰਿਫ਼ਤਾਰ

ਐੱਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪ੍ਰਿਯਾਂਸ਼ੂ ਸ਼ਰਮਾ ਵੱਲੋਂ ਦਿੱਤੀ ਗਈ ਧਮਕੀ ਤੋਂ ਬਾਅਦ ਦੋਸ਼ੀ ਕਾਤਲ ਚੰਦਗੀ ਰਾਮ ਉਰਫ਼ ਦੂਬੇ ਅਤੇ ਰਾਹੁਲ ਜੈਸਵਾਲ ਘਬਰਾ ਗਏ ਅਤੇ ਉਨ੍ਹਾਂ ਇਸ ਦੇ ਕਤਲ ਕਰਨ ਦਾ ਪਲਾਨ ਬਣਾ ਲਿਆ, ਜਿਸ ਤੋਂ ਬਾਅਦ ਉਹ ਇਸ ਨੂੰ ਪਿੰਡ ਮਹੇੜੂ ਦੇ ਨਜ਼ਦੀਕ ਖੇਤਾਂ ਵਿਚ ਲੈ ਗਏ ਅਤੇ ਮੌਕਾ ਮਿਲਦਿਆਂ ਹੀ ਉਨ੍ਹਾਂ ਇਸ ਦਾ ਲੋਹੇ ਦੀ ਚੇਨ ਦੀ ਵਰਤੋਂ ਕਰਦੇ ਹੋਏ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਲਾਸ਼, ਮੋਬਾਇਲ ਫੋਨ ਅਤੇ ਸਕੂਟਰੀ ਨੂੰ ਖੇਤਾਂ ਵਿਚ ਟਿਕਾਣੇ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਨੂੰ ਕਤਲ ਦੌਰਾਨ ਵਰਤੀ ਗਈ ਉਹ ਲੋਹੇ ਦੀ ਚੇਨ ਵੀ ਬਰਾਮਦ ਹੋ ਗਈ ਹੈ, ਜਿਸ ਦੀ ਵਰਤੋਂ ਕਰਦੇ ਹੋਏ ਦੋਸ਼ੀ ਕਾਤਲ ਦੋਸਤਾਂ ਨੇ ਆਪਣੇ ਦੋਸਤ ਪ੍ਰਿਯਾਸ਼ੂ ਸ਼ਰਮਾ ਦਾ ਕਤਲ ਕੀਤਾ ਹੈ। ਐੱਸ. ਪੀ. ਸਰਬਜੀਤ ਸਿੰਘ ਬਾਹੀਆ ਨੇ ਕਿਹਾ ਕਿ ਪੁਲਸ ਇਸ ਕਤਲ ਕਾਂਡ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਕਾਤਲਾਂ ਨੂੰ ਜਲਦ ਅਦਾਲਤ ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ। ਪੁਲਸ ਤਫਤੀਸ਼ ਜਾਰੀ ਹੈ।

ਇਹ ਵੀ ਪੜ੍ਹੋ: ਸਿਸੋਦੀਆ ਦਾ ਕਾਂਗਰਸ ’ਤੇ ਤਿੱਖਾ ਸ਼ਬਦੀ ਹਮਲਾ, ਕਿਹਾ-ਕੈਪਟਨ ਵਾਂਗ ਚੰਨੀ ਵੀ ਕਰ ਰਹੇ ਪੰਜਾਬ ਦੇ ਲੋਕਾਂ ਨਾਲ ਧੋਖਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News