ਜਲੰਧਰ: ਸਰਬਜੀਤ ਕਤਲ ਕਾਂਡ ਦੇ ਮਾਮਲੇ ''ਚ ਨਿਆਇਕ ਹਿਰਾਸਤ ''ਚ ਮੁੱਖ ਮੁਲਜ਼ਮ
Thursday, Feb 13, 2020 - 03:15 PM (IST)

ਜਲੰਧਰ (ਮ੍ਰਿਦੁਲ)— 10 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਨੀਰਜ ਨੇ ਬੀਤੇ ਦਿਨ ਆਪਣੀ ਮਾਸੀ ਦੇ ਮੁੰਡੇ ਜੋਗੀ ਨਾਲ ਅਦਾਲਤ 'ਚ ਆਤਮ ਸਮਰਪਣ ਕੀਤਾ। ਇਥੋਂ ਦੋਹਾਂ ਨੂੰ ਜੂਡੀਸ਼ੀਅਲ ਕਸਟਡੀ 'ਚ ਦਿੱਤਾ ਗਿਆ। ਹਾਲਾਂਕਿ ਮਾਮਲੇ ਨੂੰ ਲੈ ਕੇ ਪੁਲਸ ਹੁਣ ਦੋਵੇਂ ਦੋਸ਼ੀਆਂ ਨੂੰ ਕਸਟਡੀ 'ਚ ਲੈਣ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਵੇਗੀ। ਏ. ਸੀ. ਪੀ. ਬਲਵਿੰਦਰ ਸਿੰਘ ਇਕਬਾਲ ਨੇ ਦੱਸਿਆ ਕਿ ਇਸ ਕਤਲ ਕਾਂਡ 'ਚ ਕੁੱਲ 6 ਮੁਲਜ਼ਮ ਸ਼ਾਮਲ ਹਨ। ਦੋ ਮੁਲਜ਼ਮ ਬਸਤੀ ਸ਼ੇਖ ਦੇ ਸੂਰੀ ਮੁਹੱਲੇ ਦੇ ਸਾਹਿਲ ਅਤੇ ਕਾਂਗੜਾ ਦੇ ਕੁੰਦਨ ਲਾਲ ਕੱਦੂ ਨੂੰ ਗ੍ਰਿਫਤਾਰ ਕਰਕੇ ਦੋ ਦਿਨ ਦੇ ਰਿਮਾਂਡ 'ਤੇ ਲਿਆ ਹੋਇਆ ਹੈ। ਦੋ ਹੋਰ ਮੁਲਜ਼ਮ ਸੂਰਜ ਅਤੇ ਗੋਪਾਲ ਗੋਪੀ ਦੀ ਪੁਲਸ ਤਲਾਸ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਬੂਟਾ ਮੰਡੀ 'ਚ ਮੇਲੇ ਦੌਰਾਨ ਦੋਸਤਾਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਨੀਰਜ ਨੇ ਸਰਜੀਕਲ ਬਲੇਡ ਮਾਰ ਕੇ ਆਬਾਦਪੁਰਾ ਦੇ ਟੈਟੂ ਆਰਟਿਸਟ ਸਰਬਜੀਤ ਉਰਫ ਚੀਮਾ ਦਾ ਹੱਤਿਆ ਕਰ ਦਿੱਤੀ ਸੀ। ਮੁੱਖ ਮੁਲਜ਼ਮ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਸੀ।