ਗੜ੍ਹਸ਼ੰਕਰ: ਨੌਜਵਾਨ ਦੇ ਕਤਲ ਦਾ ਮਾਮਲਾ ਭਖਿਆ, ਪਰਿਵਾਰ ਨੇ ਨਹੀਂ ਕੀਤਾ ਸਸਕਾਰ

12/14/2019 6:05:37 PM

ਜਲੰਧਰ (ਸ਼ੋਰੀ)— 3 ਦਿਨ ਪਹਿਲਾਂ ਗੜ੍ਹਸ਼ੰਕਰ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਗਏ 26 ਸਾਲਾ ਨੌਜਵਾਨ ਦਵਿੰਦਰ ਪ੍ਰਕਾਸ਼ ਸਿੰਘ ਦਾ ਅਜੇ ਤੱਕ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਜਦੋਂ ਤੱਕ ਪੁਲਸ ਵੱਲੋਂ ਸਾਰੇ ਮੁਲਜ਼ਮ ਨਹੀਂ ਫੜੇ ਜਾਂਦੇ, ਉਹ ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਦਵਿੰਦਰ ਦੀ ਲਾਸ਼ ਅਜੇ ਤੱਕ ਸਰਕਾਰੀ ਹਸਪਤਾਲ 'ਚ ਪਈ ਹੋਈ ਹੈ। ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਦੂਜੀ ਵਾਰ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਬੰਗਾ ਚੌਕ ਵਿਚਕਾਰ ਪੁਲਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲਸ ਵੱਲੋਂ ਉਨ੍ਹਾਂ ਦੀ ਗੱਲ ਨੂੰ ਸ਼ਾਂਤੀਪੂਰਨ ਢੰਗ ਨਾਲ ਨਹੀਂ ਸੁਣਿਆ ਗਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਪੁਲਸ ਨੇ 24 ਘੰਟਿਆਂ ਅੰਦਰ ਕਾਤਲਾਂ ਨੂੰ ਫੜਨ ਦੀ ਗੱਲ ਕਹੀ ਸੀ ਪਰ 48 ਘੰਟਿਆਂ ਬਾਅਦ ਤਿੰਨ ਦੋਸ਼ੀਆਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ, ਜਦਕਿ ਮੁੱਖ ਦੋਸ਼ੀ ਦਰਸ਼ਨ ਲਾਲ ਦਰਸ਼ੀ ਨੂੰ ਪੁਲਸ ਅੱਜ ਤੱਕ ਫੜਨ 'ਚ ਅਸਫਲ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਧਰਨੇ ਦੌਰਾਨ ਪੁਲਸ ਨੂੰ ਸਪੱਸ਼ਟ ਕਹਿ ਦਿੱਤਾ ਕਿ ਜਦੋਂ ਤੱਕ ਸਾਰੇ ਦੋਸ਼ੀ ਫੜੇ ਨਹੀਂ ਜਾਂਦੇ, ਉਦੋਂ ਤੱਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

PunjabKesari

ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਸ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਦੋਸ਼ ਲਾਇਆ ਕਿ ਪੁਲਸ ਦੇ ਕੁਝ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨਾਲ ਠੀਕ ਤਰ੍ਹਾਂ ਵਿਵਹਾਰ ਵੀ ਨਹੀਂ ਕਰ ਰਹੇ। ਉਨ੍ਹਾਂ ਦਾ ਦੋਸ਼ ਇਹ ਵੀ ਸੀ ਕਿ ਪੁਲਸ ਨੇ ਚਸ਼ਮਦੀਦ ਗਵਾਹਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੋਟੈਕਸ਼ਨ ਨਹੀਂ ਦਿੱਤੀ, ਜਦਕਿ ਕਾਤਲ ਅੱਜ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਇਸ ਲਈ ਖਦਸ਼ਾ ਹੈ ਕਿ ਕਾਤਲ ਮੌਕੇ ਦੇ ਗਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਮੌਕੇ 'ਤੇ ਪਹੁੰਚੇ ਹੁਸ਼ਿਆਰਪੁਰ ਦੇ ਡੀ. ਐੱਸ. ਪੀ. ਰਾਕੇਸ਼ ਕੁਮਾਰ ਨੇ ਪ੍ਰਦਰਸ਼ਨ ਸ਼ਾਂਤ ਕਰਵਾਇਆ। ਰਾਕੇਸ਼ ਕੁਮਾਰ ਨੇ ਪਰਿਵਾਰ ਤੋਂ ਦੋ ਦਿਨਾਂ ਦਾ ਸਮਾਂ ਮੰਗਦੇ ਹੋਏ ਭਰੋਸਾ ਦਿੱਤਾ ਕਿ ਸਾਰੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਹਾਲਾਂਕਿ ਪੁਲਸ ਵੱਲੋਂ ਤਿੰਨ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ।

ਇਨ੍ਹਾਂ ਖਿਲਾਫ ਹੈ ਕੇਸ ਦਰਜ
ਸੇਖੋਵਾਲ 'ਚ ਦਵਿੰਦਰ ਬੰਟੀ ਦੇ ਕਤਲ ਦੇ ਸਬੰਧ 'ਚ ਪੁਲਸ ਨੇ ਧਾਰਾ 302, 452, 427, 146, 149 ਅਤੇ 25,27,54, 59 ਐਕਟ ਦੇ ਅਧੀਨ ਦਰਸ਼ਨ ਲਾਲ, ਮਹਿੰਦਰ ਪਾਲ, ਅਜੇ ਕੁਮਾਰ, ਲਵਲੀ, ਅਸ਼ੋਕ ਕੁਮਾਰ, ਗੋਲੂ, ਮੱਟੂ, ਗੁਰਮੁੱਖ ਸਿੰਘ ਅਤੇ 9 ਦੇ ਕਰੀਬ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ 'ਚੋਂ ਪੁਲਸ ਵੱਲੋਂ ਗੁਰਮੁੱਖ ਸਿੰਘ, ਲੱਕੀ ਅਤੇ ਅਜੇ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਜਦਕਿ ਬਾਕੀ ਸਾਰੇ ਮੁਲਜ਼ਮ ਅਜੇ ਫਰਾਰ ਹਨ।

PunjabKesari
ਪੁਲਸ ਨੂੰ ਕਿਉਂ ਵਾਰ-ਵਾਰ ਨਿੰਦ ਰਹੇ ਪ੍ਰਦਰਸ਼ਨਕਾਰੀ

ਸੇਖੋਵਾਲ 'ਚ ਨੌਜਵਾਨ ਬੰਟੀ ਦੇ ਕਤਲ ਤੋਂ ਬਾਅਦ ਲੱਗੇ ਦੋਵਾਂ ਧਰਨਿਆਂ 'ਚ ਪੁਲਸ ਖਿਲਾਫ ਹੋਈ ਨਾਅਰੇਬਾਜ਼ੀ 'ਚ ਜੋ ਗੱਲ ਸਾਹਮਣੇ ਆਈ ਹੈ, ਉਨ੍ਹਾਂ 'ਚ ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਕਤਲ ਤੋਂ ਕੁਝ ਦਿਨ ਪਹਿਲਾਂ ਮ੍ਰਿਤਕ ਦੀ ਮਾਤਾ ਨੇ ਪੁਲਸ ਨੂੰ ਹਮਲਾਵਰਾਂ ਵਿਰੁੱਧ ਸ਼ਿਕਾਇਤ ਦਿੱਤੀ ਸੀ। ਪੁਲਸ ਚੌਕੀ ਬੀਨੇਵਾਲ ਦੇ ਇੰਚਾਰਜ ਨੇ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਕਾਰਨ ਗੱਲ ਕਤਲ ਤੱਕ ਜਾ ਪਹੁੰਚੀ।  ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਸਾਰੇ ਨਾਮਜ਼ਦ ਦੋਸ਼ੀਆਂ ਨੂੰ ਛੇਤੀ ਫੜੇ। ਪ੍ਰਦਰਸ਼ਨਕਾਰੀਆਂ ਨੂੰ ਸ਼ੱਕ ਹੈ ਕਿ ਦੋਸ਼ੀ ਹਾਕਮ ਧਿਰ ਦੇ ਨੇਤਾਵਾਂ ਨਾਲ ਨੇੜਤਾ ਰੱਖਦੇ ਹਨ, ਇਸ ਲਈ ਕਿਧਰੇ ਪੁਲਸ ਉਨ੍ਹਾਂ ਦੇ ਬਚਾਅ 'ਚ ਨਾ ਲੱਗ ਜਾਵੇ। ਦੱਸਣਯੋਗ ਹੈ ਕਿ 11 ਦਸੰਬਰ ਨੂੰ ਦਿਨ-ਦਿਹਾੜੇ ਗੜ੍ਹਸ਼ੰਕਰ ਦੇ ਪਿੰਡ ਸ਼ੇਖੋਵਾਲ 'ਚ ਤੇਜ਼ਧਾਰ ਹਥਿਆਰਾਂ ਦੇ ਨਾਲ ਦਵਿੰਦਰ ਪ੍ਰਕਾਸ਼ ਸਿੰਘ ਉਰਫ ਬੰਟੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਮੁਲਜ਼ਮਾਂ ਵੱਲੋਂ ਫਾਇਰ ਵੀ ਕੀਤੇ ਗਏ ਸਨ।  


shivani attri

Content Editor

Related News