ਕਹਿਰ ਓ ਰੱਬਾ! 22 ਦਿਨ ਪਹਿਲਾਂ ਵਿਆਹੇ ਇੱਕਲੌਤੇ ਮੁੰਡੇ ਦੀ ਸੜਕ ਹਾਦਸੇ ''ਚ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Friday, Sep 26, 2025 - 07:34 PM (IST)

ਤਪਾ ਮੰਡੀ, (ਸ਼ਾਮ,ਗਰਗ): ਅੱਜ ਸਵੇਰੇ 11.30 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਧਾਗਾ ਮਿੱਲ ਕੋਲ ਇੱਕ ਜਬਰਦਸਤ ਸੜਕ ਹਾਦਸੇ ‘ਚ ਮਾਂ-ਪਿਉ ਦੇ ਇੱਕਲੌਤੇ ਅਤੇ ਲਗਭਗ 22 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਗੋਇਲ ਪੁੱਤਰ ਰਾਹੁਲ ਗੋਇਲ ਵਾਸੀ ਰਾਮਪੁਰਾ ਫੂਲ ਜੋ ਕਾਰ 'ਤੇ ਸਵਾਰ ਹੋ ਕੇ ਤਪਾ ਵੱਲ ਨੂੰ ਉਗਰਾਹੀ ਕਰਨ ਲਈ ਆ ਰਿਹਾ ਸੀ ਜਦ ਉਹ ਧਾਗਾ ਮਿੱਲ ਕੋਲ ਪੁੱਜਾ ਤਾਂ ਅੱਗੇ ਜਾ ਰਹੇ ਸਿਲੰਡਰਾਂ ਨਾਲ ਭਰੇ ਕੈਂਟਰ ਨੇ ਇੱਕਦਮ ਬਰੇਕਾਂ ਮਾਰ ਦਿੱਤੀਆਂ। ਜਿਸ ਕਾਰਨ ਸਾਹਿਲ ਦੀ ਕਾਰ ਕੈਂਟਰ ਦੇ ਹੇਠਾਂ ਵੜ ਗਈ। ਕਾਰ ਸਵਾਰ ਸਾਹਿਲ ਗੰਭੀਰ ਰੂਪ ‘ਚ ਜਖਮੀ ਹੋ ਗਿਆ। ਜਿਸ ਨੂੰ ਇੱਕ ਵਾਹਨ ਦੀ ਮਦਦ ਨਾਲ ਸਿਵਲ ਹਸਪਤਾਲ ਰਾਮਪੁਰਾ ਫੂਲ ਲੈ ਜਾਇਆ ਗਿਆ। ਜਿਥੇ ਡਾਕਟਰਾਂ ਨੇ ਵਹਿਲ ਨੂੰ ਮ੍ਰਿਤ ਐਲਾਨ ਦਿੱਤਾ।
ਲਾਸ਼ ਨੂੰ ਮੋਰਚਰੀ ਰੂਮ ‘ਚ ਰੱਖ ਦਿੱਤਾ ਗਿਆ ਹੈ। ਜਦ ਘਟਨਾ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਹਿਲ ਗੋਇਲ ਦਾ ਲਗਭਗ 22 ਦਿਨ ਪਹਿਲਾਂ ਹੀ ਪਿੰਡ ਪੰਧੇਰ ‘ਚ ਵਿਆਹ ਹੋਇਆ ਸੀ ਅਤੇ ਮਾਂ-ਪਿਉ ਦਾ ਇੱਕਲੋਤਾ ਬੇਟਾ ਸੀ। ਇਸ ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਪੁਲਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।