ਨਸ਼ੇ ਨੇ ਉਜਾੜਿਆ ਘਰ, ਭੂਆ ਕੋਲ ਆਏ ਨੌਜਵਾਨ ਨੇ ਫੁੱਫੜ ਨਾਲ ਲਈ ਨਸ਼ੇ ਦੀ ਓਵਰਡੋਜ਼, ਹੋਈ ਮੌਤ
Friday, Dec 16, 2022 - 12:36 PM (IST)

ਜਲੰਧਰ (ਵਰੁਣ)- ਬਸਤੀ ਦਾਨਿਸ਼ਮੰਦਾਂ ’ਚ ਘਰ ਦੇ ਅੰਦਰ ਨਸ਼ਾ ਕਰ ਰਹੇ 23 ਸਾਲਾ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਨਸ਼ਾ ਕਰਨ ਨਾਲ ਮ੍ਰਿਤਕ ਦੇ ਫੁੱਫੜ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ, ਜੋ ਹਸਪਤਾਲ ’ਚ ਦਾਖ਼ਲ ਹੈ। ਨੌਜਵਾਨ ਜੰਮੂ ਤੋਂ ਆਪਣੀ ਭੂਆ ਦੇ ਘਰ ਆਇਆ ਸੀ ਅਤੇ ਆਪਣੇ ਫੁੱਫੜ ਨਾਲ ਘਰ ’ਚ ਨਸ਼ਾ ਕਰ ਰਿਹਾ ਸੀ। ਪੁਲਸ ਨੇ ਮ੍ਰਿਤਕ ਵਰੁਣ (23) ਪੁੱਤਰ ਰਵੀ ਕੁਮਾਰ ਵਾਸੀ ਗਾਂਧੀ ਨਗਰ ਜੰਮੂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ।
ਥਾਣਾ 5 ਦੇ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਵਰੁਣ ਬੁੱਧਵਾਰ ਨੂੰ ਬਸਤੀ ਦਾਨਿਸ਼ਮੰਦਾਂ ਦੀ ਰਹਿਣ ਵਾਲੀ ਆਪਣੀ ਭੂਆ ਸੋਨੀਆ ਦੇ ਘਰ ਰਹਿਣ ਆਇਆ ਸੀ। ਵੀਰਵਾਰ ਨੂੰ ਵਰੁਣ ਨੇ ਆਪਣੇ ਫੁੱਫੜ ਸੰਜੇ ਥਾਪਰ ਨਾਲ ਘਰ ’ਚ ਨਸ਼ਾ ਕੀਤਾ ਅਤੇ ਉਨ੍ਹਾਂ ਦੋਵਾਂ ਦੀ ਹਾਲਤ ਵਿਗੜ ਗਈ। ਜਲਦਬਾਜ਼ੀ ’ਚ ਦੋਵਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਵਰੁਣ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਸੰਜੇ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਬੱਸ 'ਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਅੱਜ ਬੱਸਾਂ ਦਾ ਰਹੇਗਾ ਚੱਕਾ ਜਾਮ
ਥਾਣਾ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਰੁਣ ਜੰਮੂ ਤੋਂ ਹੀ ਨਸ਼ਾ ਲੈ ਕੇ ਆਇਆ ਸੀ, ਜਿਸ ਨੇ ਆਪਣੇ ਫੁੱਫੜ ਨਾਲ ਮਿਲ ਕੇ ਨਸ਼ੇ ਦੀ ਓਵਰਡੋਜ਼ ਲੈ ਲਈ ਸੀ। ਫਿਲਹਾਲ ਸੰਜੇ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ 23 ਸਾਲਾ ਨੌਜਵਾਨ ਦੀ ਮੌਤ ਇਲਾਕੇ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕਾਂ ਅਨੁਸਾਰ ਦਾਨਿਸ਼ਮੰਦਾਂ ਕਸਬੇ ’ਚ ਨਸ਼ਾ ਜ਼ੋਰ-ਸ਼ੋਰ ਨਾਲ ਵਿਕ ਰਿਹਾ ਹੈ ਪਰ ਕੋਈ ਸਾਰ ਲੈਣ ਵਾਲਾ ਨਹੀਂ ਹੈ। ਪੁਲਸ ਨੇ ਵਰੁਣ ਦੀ ਓਵਰਡੋਜ਼ ਨਾਲ ਹੋਈ ਮੌਤ ਦੇ ਮਾਮਲੇ ’ਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਅਰਸ਼ਦੀਪ ਸਿੰਘ ਨੇ ਦੁਨੀਆ ਭਰ 'ਚ ਵਧਾਇਆ ਜਲੰਧਰ ਦਾ ਮਾਣ, ਕੈਮਰੇ 'ਚ ਕੈਦ ਕੀਤੀ ਇਹ ਖ਼ੂਬਸੂਰਤ ਤਸਵੀਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ