ਇਟਲੀ ''ਚ ਮਰੇ ਨੌਜਵਾਨ ਦੀ ਲਾਸ਼ ਪੰਜਾਬ ਲਿਆਉਣ ਲਈ ਕਰਾਂਗਾ ਮਦਦ: ਮਾਨ
Monday, Sep 16, 2019 - 03:41 PM (IST)

ਹੁਸ਼ਿਆਰਪੁਰ (ਅਮਰੀਕ)— ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਇਟਲੀ 'ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਟਾਂਡਾ ਦੇ ਪਿੰਡ ਕੁਰਾਲ ਖੁਰਦ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਨੌਜਵਾਨ ਦੀ ਮਾਂ ਬਲਵਿੰਦਰ ਕੌਰ ਨੂੰ ਭਰੋਸਾ ਦਿੱਤਾ ਕਿ ਉਹ ਹਰਮਿੰਦਰ ਸਿੰਘ ਦੇ ਲਾਸ਼ ਨੂੰ ਪੰਜਾਬ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਦੱਸਣਯੋਗ ਹੈ ਕਿ ਵੀਰਵਾਰ ਨੂੰ ਇਟਲੀ 'ਚ ਇਕ ਡੇਅਰੀ ਫਾਰਮ 'ਤੇ ਕੰਮ ਕਰਦੇ ਸਮੇਂ ਇਕ ਪੰਜਾਬੀ ਮੂਲ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ 'ਚੋਂ ਇਕ ਨੌਜਵਾਨ ਹੁਸ਼ਿਆਰਪੁਰ ਜ਼ਿਲੇ ਦੇ ਬਲਾਕ ਟਾਂਡਾ ਦੇ ਪਿੰਡ ਕੁਰਾਲ ਖੁਰਦ ਹਰਮਿੰਦਰ ਸਿੰਘ ਵੀ ਸੀ। ਉਹ ਕੰਮ ਦੇ ਸਿਲਸਿਲੇ 'ਚ 2 ਸਾਲ ਪਹਿਲਾਂ ਇਟਲੀ ਗਿਆ ਸੀ। ਵੀਰਵਾਰ ਨੂੰ ਕੰਮ ਦੌਰਾਨ ਉਹ ਆਪਣੇ ਤਿੰਨ ਸਾਥੀਆਂ ਨਾਲ ਗੋਬਰ ਟੈਂਕ 'ਚ ਡਿੱਗ ਗਿਆ ਸੀ ਅਤੇ ਕਾਰਬਨਡਾਈਆਕਸਾਈਡ ਗੈਸ ਦੇ ਪ੍ਰਭਾਵ ਨਾਲ ਚਾਰਾਂ ਦੀ ਮੌਤ ਹੋ ਗਈ। ਹਰਮਿੰਦਰ ਦੇ ਪਿਤਾ ਦਾ ਦਿਹਾਂਤ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਪਰਿਵਾਰ 'ਚ ਕਮਾਉਣ ਵਾਲਾ ਹਰਮਿੰਦਰ ਹੀ ਸੀ।