ਸੁਰਖੀਆਂ 'ਚ ਫਗਵਾੜਾ ਦੀ ਪੁਲਸ, 16 ਸਾਲਾ ਮੁੰਡੇ ਨੇ ਲਾਏ ਗੰਭੀਰ ਦੋਸ਼

Saturday, May 14, 2022 - 05:45 PM (IST)

ਫਗਵਾੜਾ (ਮੁਨੀਸ਼ ਬਾਵਾ)-ਫਗਵਾੜਾ ਪੁਲਸ ਇਕ ਵਾਰੀ ਫਿਰ ਆਪਣੀ ਮਾੜੀ ਕਾਰਗੁਜ਼ਾਰੀ ਕਾਰਨ ਚਰਚਾ ਵਿੱਚ ਆ ਗਈ ਹੈ। ਫਗਵਾੜਾ ਦੇ ਲਾਗਲੇ ਪਿੰਡ ਦੇ ਰਹਿਣ ਵਾਲੇ ਇਕ ਨਾਬਾਲਗ ਮੁੰਡੇ ਵੱਲੋਂ ਥਾਣਾ ਸਦਰ ਪੁਲਸ ਦੇ ਇਕ ਐੱਸ. ਆਈ. 'ਤੇ ਉਸ ਨੂੰ ਪਿੰਡ ਤੋਂ ਥਾਣੇ ਲਿਆ ਕੇ ਚੱਪਲਾਂ ਨਾਲ ਕੁੱਟਮਾਰ ਕਰਨ ਅਤੇ ਥੱਪੜ ਮਾਰਨ ਦੇ ਗੰਭੀਰ ਦੋਸ਼ ਲਗਾਏ ਗਏ। ਸਿਵਲ ਹਸਪਤਾਲ ਵਿਚ ਦਾਖ਼ਲ ਲਵਪ੍ਰੀਤ ਨਾਂ ਦੇ ਮੁੰਡੇ ਨੇ ਦਸਿਆ ਕਿ ਉਸ ਦੀ ਉਮਰ 16 ਸਾਲ ਹੈ।

ਉਹ ਫਗਵਾੜਾ ਦੇ ਲਾਗਲੇ ਪਿੰਡ ਖੰਗੂੜਾ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਭਰਾ ਖ਼ਿਲਾਫ਼ ਥਾਣਾ ਸਦਰ ਪੁਲਸ ਨੂੰ ਕਿਸੇ ਵੱਲੋਂ ਸ਼ਿਕਾਇਤ ਦਿੱਤੀ ਹੋਈ ਸੀ, ਜਿਸ ਦੇ ਚਲਦਿਆਂ ਉਸ ਨੂੰ ਥਾਣਾ ਸਦਰ ਦੇ ਦੋ ਪੁਲਸ ਮੁਲਾਜ਼ਮ ਜਿਨ੍ਹਾਂ ਵਿਚ ਇਕ ਪੁਲਸ ਮੁਲਾਜ਼ਮ ਦੀ ਨੇਮ ਪਲੇਟ 'ਤੇ ਕਮਲਜੀਤ ਸਿੰਘ ਲਿਖਿਆ ਹੋਇਆ ਸੀ, ਜਿਨ੍ਹਾਂ ਵੱਲੋਂ ਉਸ ਨੂੰ ਪਿੰਡ ਵਿਚੋਂ ਲੈ ਆਏ ਅਤੇ ਉਸ ਨੂੰ ਥਾਣੇ ਲਿਆ ਕੇ ਕਿਹਾ ਕਿ ਆਪਣੀਆਂ ਚੱਪਲਾਂ ਉਤਾਰ ਜਦੋਂ ਉਸ ਨੇ ਚੱਪਲਾਂ ਉਤਾਰੀਆਂ ਤਾਂ ਪੁਲਸ ਮੁਲਾਜ਼ਮਾਂ ਵੱਲੋਂ ਉਸ ਦੀਆਂ ਚੱਪਲਾਂ ਨਾਲ ਹੀ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਉਸ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ, ਜਿਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ, ਜਿਸ ਨੇ ਉਸ ਨੂੰ ਪੁਲਸ ਕੋਲੋਂ ਛੁਡਵਾ ਕੇ ਫਗਵਾੜਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ। 

ਇਹ ਵੀ ਪੜ੍ਹੋ: ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ

PunjabKesari

ਉਸ ਨੇ ਦਸਿਆ ਕਿ ਉਸ ਨੂੰ ਕੰਨ੍ਹ ਤੋਂ ਬਹੁਤ ਘੱਟ ਸੁਣਨਾ ਸ਼ੁਰੂ ਹੋ ਗਿਆ ਹੈ। ਇਸ ਸਾਰੇ ਮਾਮਲੇ ਸਬੰਧੀ ਜਦੋਂ ਐੱਸ. ਆਈ. ਕਮਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੜਕੇ ਨੂੰ ਥਾਣੇ ਲਿਆਂਦਾ ਗਿਆ ਸੀ ਪਰ ਉਸ ਨੂੰ ਜਾਂਚ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਜਦੋਂ ਮੁੰਡੇ ਨਾਲ ਹੋਈ ਕੁੱਟਮਾਰ ਸਬੰਧੀ ਐੱਸ. ਆਈ. ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਥੱਪੜ ਜ਼ਰੂਰ ਮਾਰੇ ਗਏ ਸੀ ਪਰ ਜਾਂਚ ਕਰਨ ਤੋਂ ਬਾਅਦ ਮੁੰਡੇ ਨੂੰ ਘਰ ਭੇਜ ਦਿੱਤਾ ਗਿਆ ਸੀ। 

PunjabKesari

ਇਸ ਸਬੰਧੀ ਮੁੰਡੇ ਦੇ ਰਿਸ਼ਤੇਦਾਰ ਵੱਲੋਂ ਇਕ ਐੱਸ. ਆਈ. ਦੀ ਰਿਕਾਰਡਿੰਗ ਵੀ ਮੀਡੀਆ ਨੂੰ ਸੁਣਾਈ ਗਈ, ਜਿਸ ਵਿਚ ਉਨ੍ਹਾਂ ਦਸਿਆ ਕਿ ਇਹ ਆਵਾਜ਼ ਐੱਸ. ਆਈ. ਦੀ ਆਵਾਜ਼ ਹੈ, ਜਿਸ ਵਿਚ ਮੁੰਡੇ ਨੂੰ ਕਹਿ ਰਿਹਾ ਹੈ ਕਿ ਆਪਣੇ ਆਪ ਥਾਣੇ ਆ ਜਾਓ ਨਹੀਂ ਤਾਂ ਜੁੱਤੀਆਂ ਮਾਰਦਾ ਘੜੀਸ ਕੇ ਲੈ ਕੇ ਆਵਾਂਗਾ। ਇਸ ਆਡੀਓ ਵਿਚ ਕਿੰਨੀ ਕੁ ਸਚਾਈ ਹੈ ਇਹ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। 
ਇਸ ਸਾਰੇ ਮਾਮਲੇ ਸਬੰਧੀ ਜਦੋਂ ਡੀ. ਐੱਸ. ਪੀ. ਫਗਵਾੜਾ ਏ. ਆਰ. ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਮਾਮਲੇ ਚ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ:  ਨਸ਼ਿਆਂ ’ਤੇ ਕੰਟਰੋਲ ਦੇ ਮਾਮਲੇ ’ਚ CM ਮਾਨ ਦੀ ਸਿਆਸਤਦਾਨਾਂ 'ਤੇ ਵੀ ਨਜ਼ਰ, ਗੰਭੀਰਤਾ ਤੋਂ ਅਧਿਕਾਰੀ ਸਹਿਮੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News