ਨਾਭਾ ਜੇਲ ਕਤਲ ਕਾਂਡ ''ਚ ਪੁੱਛਗਿੱਛ ਲਈ ਮੁੰਡੀਖਰੜ ਦਾ ਨੌਜਵਾਨ ਚੁੱਕਿਆ
Wednesday, Jun 26, 2019 - 01:10 AM (IST)

ਮੋਹਾਲੀ/ਖਰੜ (ਕੁਲਦੀਪ, ਅਮਰਦੀਪ, ਰਣਬੀਰ, ਸਸ਼ੀ)— ਨਾਭਾ ਜੇਲ 'ਚ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਹੋਏ ਕਤਲ ਮਾਮਲੇ ਸਬੰਧੀ ਪੁੱਛਗਿਛ ਦੇ ਨਾਂ 'ਤੇ ਕੁਝ ਸਿਵਲ ਕੱਪੜਿਆਂ ਵਾਲੇ ਵਿਅਕਤੀ ਮੁੰਡੀਖਰੜ ਵਸਨੀਕ ਇਕ ਨੌਜਵਾਨ ਨੂੰ ਮੰਗਲਵਾਰ ਉਸਦੇ ਘਰੋਂ ਚੁੱਕ ਕੇ ਲੈ ਗਏ ਹਨ। ਨੌਜਵਾਨ ਦਾ ਨਾਂ ਜਸਪ੍ਰੀਤ ਸਿੰਘ ਹੈ ਜੋ ਕਿ ਐਚ. ਐਮ. ਟੀ. ਕਲੋਨੀ ਮੁੰਡੀਖਰੜ ਦਾ ਵਸਨੀਕ ਹੈ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਉਨ੍ਹਾਂ ਦੇ ਘਰ ਦੋ ਇਨੋਵਾ ਕਾਰਾਂ 'ਚ ਸਵਾਰ ਕੁਝ ਵਿਅਕਤੀ ਆਏ ਸਨ ਜੋ ਕਿ ਜਸਪ੍ਰੀਤ ਨੂੰ ਆਪਣੇ ਨਾਲ ਲੈ ਗਏ ਪਰ ਉਨ੍ਹਾਂ 'ਚ ਕੋਈ ਵੀ ਵਿਅਕਤੀ ਪੁਲਸ ਵਰਦੀ 'ਚ ਨਹੀਂ ਸੀ। ਨੌਜਵਾਨ ਦੇ ਪਿਤਾ ਸੀਤਲ ਸਿੰਘ ਨੇ ਇਸ ਸੰਬੰਧ 'ਚ ਐਸ. ਐਸ. ਪੀ. ਮੋਹਾਲੀ ਨੂੰ ਵੀ ਸ਼ਿਕਾਇਤ ਭੇਜੀ ਹੈ ਤਾਕਿ ਉਨ੍ਹਾਂ ਦੇ ਬੇਟੇ ਦਾ ਪਤਾ ਚੱਲ ਸਕੇ।
ਨੌਜਵਾਨ ਦੇ ਪਿਤਾ ਸੀਤਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸਾਢੇ 7 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੋ ਇਨੋਵਾ ਕਾਰਾਂ 'ਚ ਸਵਾਰ ਹੋ ਕੇ ਕੁਝ ਵਿਅਕਤੀ ਆਏ ਜਿਨ੍ਹਾਂ ਨੇ ਉਨ੍ਹਾਂ ਦੇ ਬੇਟੇ ਜਸਪ੍ਰੀਤ ਸਿੰਘ ਦੇ ਬਾਰੇ 'ਚ ਪੁੱਛਿਆ। ਜਦੋਂ ਉਸਦਾ ਪੁੱਤਰ ਉਠ ਕੇ ਬਾਹਰ ਆਇਆ ਤਾਂ ਉਸਨੂੰ ਕਹਿਣ ਲੱਗੇ ਕਿ ਉਹ ਸੀ. ਆਈ. ਏ. ਸਟਾਫ਼ ਤੋਂ ਆਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਨਾਭਾ ਜੇਲ ਕਾਂਡ ਦੇ ਮੁਲਜ਼ਮ ਗੁਰਸੇਵਕ ਸਿੰਘ ਦੇ ਬਾਰੇ ਪੁੱਛਗਿਛ ਕਰਨੀ ਹੈ।
ਸੀਤਲ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਅਤੇ ਗੁਰਸੇਵਕ ਕਾਫ਼ੀ ਸਮਾਂ ਪਹਿਲਾਂ ਇੱਕ ਸਕੂਲ ਵਿੱਚ ਪੜ੍ਹਦੇ ਸਨ ਅਤੇ ਜਸਪ੍ਰੀਤ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਨੌਕਰੀ ਕਰਦਾ ਹੈ ਪਰ ਉਸਦੀ ਗੁਰਸੇਵਕ ਸਿੰਘ ਦੇ ਨਾਲ ਕੋਈ ਗੱਲਬਾਤ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲਸ ਨੇ ਉਨ੍ਹਾਂ ਦੇ ਬੇਟੇ ਨੂੰ ਕਿਸੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ ਤਾਂ ਉਸਦੇ ਬਾਰੇ ਵਿੱਚ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਦੂਜੇ ਪਾਸੇ ਪੁਲਸ ਸੂਤਰਾਂ ਦੀ ਮੰਨੀਏ ਤਾਂ ਜਸਪ੍ਰੀਤ ਸਿੰਘ ਨਾਭਾ ਜੇਲ ਕਾਂਡ ਦੇ ਮੁਲਜ਼ਮ ਗੁਰਸੇਵਕ ਸਿੰਘ ਦੇ ਨਾਲ ਪੜ੍ਹਦਾ ਸੀ, ਇਸ ਲਈ ਉਸਨੂੰ ਪੁਲਸ ਦਾ ਸਪੈਸ਼ਲ ਅਪ੍ਰੇਸ਼ਨ ਸੈੱਲ ਦੀ ਪੁਲਸ ਪੁੱਛਗਿਛ ਲਈ ਲੈ ਕੇ ਗਈ ਹੈ।