ਸਕੇ ਭਰਾਵਾਂ ਨੇ ਚਮਕਾਇਆ ਅੰਮ੍ਰਿਤਸਰ ਦਾ ਨਾਂ
Friday, Jan 11, 2019 - 10:49 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਦੋ ਭਰਾਵਾਂ ਨੇ ਨੈਸ਼ਨਲ ਗੇਮਜ਼ 'ਚ ਕਿੱਕ ਬਾਕਸਿੰਗ ਮੁਕਾਬਲੇ 'ਚ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਤੇ ਗੁਰੂ ਨਗਰੀ ਦਾ ਨਾਂ ਰੌਸ਼ਨ ਕੀਤਾ ਹੈ। ਮੈਡਲ ਜਿੱਤ ਕੇ ਪਹੁੰਚੇ ਸਾਹਿਲ ਤੇ ਉਸ ਦੇ ਭਰਾ ਦੀ ਨਗਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਖੁਸ਼ੀ 'ਚ ਖੀਵਾ ਪਰਿਵਾਰ ਜਿਥੇ ਆਪਣੇ ਪੁੱਤਰਾਂ ਦਾ ਕਾਮਯਾਬੀ 'ਤੇ ਖੁਸ਼ ਹੈ ਉਥੇ ਹੀ ਸਰਕਾਰ ਵਲੋਂ ਖਿਡਾਰੀਆਂ ਦੀ ਅਣਦੇਖੀ ਦਾ ਉਨ੍ਹਾਂ ਨੂੰ ਰੰਜ਼ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਲ ਨੇ ਕਿਹਾ ਉਹ ਕੌਮਾਂਤਰੀ ਪੱਧਰ 'ਤੇ ਖੇਡ ਕੇ ਦੇਸ਼ ਲਈ ਗੋਲਡ ਮੈਡਲ ਜਿੱਤਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਸ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਖਿਡਾਰੀਆਂ ਦੀ ਬਣਦੀ ਮਦਦ ਕਰੇ।
ਅਕਸਰ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਜਾਂ ਇਨਾਮ ਨਹੀਂ ਦਿੰਦੀ, ਜਿਸ ਕਾਰਨ ਪੰਜਾਬ ਦੇ ਖਿਡਾਰੀ ਹਰਿਆਣਾ ਵਲੋਂ ਖੇਡਣ ਲਈ ਮਜ਼ਬੂਰ ਹੋ ਜਾਂਦੇ ਹਨ। ਹਾਲਾਂਕਿ ਸਾਹਿਲ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਗੁਰੂ ਨਗਰੀ ਤੋਂ ਪੰਜਾਬ ਵਲੋਂ ਹੀ ਖੇਡਦਾ ਰਹੇਗਾ।