ਪੰਜਾਬ ਨਾਲ ਲੱਗਦੇ ਬਾਰਡਰ ਹਰਿਆਣਾ ਨੇ ਕੀਤੇ ਸੀਲ, ਦੋਵਾਂ ਸੂਬਿਆਂ ਦਾ ਸੰਪਰਕ ਟੁੱਟਿਆ, ਫੋਰਸ ਤਾਇਨਾਤ
Monday, Feb 12, 2024 - 06:47 PM (IST)
ਮਾਨਸਾ (ਸੰਦੀਪ ਮਿੱਤਲ) : ਹਰਿਆਣਾ ਦੀ ਸਰਹੱਦ ’ਤੇ ਲੱਗਦੇ ਜ਼ਿਲ੍ਹਾ ਮਾਨਸਾ ਨੇੜੇ ਪੰਜਾਬ ਦੇ ਸਾਰੇ ਬਾਰਡਰ ਹਰਿਆਣਾ ਵਲੋਂ ਸੀਲ ਕੀਤੇ ਜਾਣ ਨਾਲ ਦੋਵੇਂ ਸੂਬਿਆਂ ਦਾ ਆਪਸੀ ਲਿੰਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਆਵਾਜਾਈ ਠੱਪ ਹੋਣ ਕਾਰਨ ਲੋਕ ਬੇਹੱਦ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 13 ਫਰਵਰੀ ਨੂੰ ਪੰਜਾਬ ਦੀਆਂ ਕੁੱਝ ਕਿਸਾਨ ਯੂਨੀਅਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰਨ ਦਾ ਸੱਦਾ ਦਿੱਤਾ ਗਿਆ ਸੀ ਤਾਂ ਕਿ ਪਹਿਲਾਂ ਦੀ ਤਰ੍ਹਾਂ ਉਹ ਦਿੱਲੀ ਨੂੰ ਘੇਰ ਕੇ ਆਪਣੀਆਂ ਮੰਗਾਂ ਮੰਨਵਾ ਸਕਣ। ਪ੍ਰੰਤੂ ਪਹਿਲਾਂ ਦੀ ਤਰ੍ਹਾਂ ਸੰਭਾਵੀ ਮੁਸ਼ਕਿਲਾਂ ਨੂੰ ਦੇਖਦੇ ਹੋਏ ਨਾਲ ਲੱਗਦੇ ਸੂਬੇ ਹਰਿਆਣਾ ਵਲੋਂ ਪੰਜਾਬ ਵਲੋਂ ਆਉਂਦੇ ਸਾਰੇ ਰਸਤਿਆਂ ਨੂੰ ਪੱਥਰ ਆਦਿ ਲਗਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤਾਂ ਕਿ ਕਿਸਾਨ ਯੂਨੀਅਨ ਦੇ ਨੁਮਾਇੰਦੇ ਜਾਂ ਵਰਕਰ ਹਰਿਆਣਾ ਵੱਲ ਦੀ ਹੋ ਕੇ ਦਿੱਲੀ ਕੂਚ ਨਾ ਕਰ ਸਕਣ। ਜਿਸ ਤਹਿਤ ਹਰਿਆਣਾ ਵਲੋਂ ਬਾਰਡਰਾਂ ਉਪਰ ਪੁਲਸ ਅਤੇ ਹੋਰ ਜਵਾਨਾਂ ਦੀਆਂ ਟੁੱਕੜੀਆਂ ਤਾਇਨਾਤ ਕਰਨ ਦੇ ਨਾਲ-ਨਾਲ ਬਾਰਡਰਾਂ ਦੇ ਨਾਲ ਲੱਗਦੇ ਪੰਜਾਬ ਅਤੇ ਹਰਿਆਣਾ ਦੀਆਂ ਇੰਟਰਨੈਟ ਸੇਵਾਵਾਂ ਵੀ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ ਤਾਂ ਕਿ ਕਿਸਾਨਾਂ ਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਵਰਨਣਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ 3 ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਦਿੱਲੀ ਵਿਚ ਕਿਸਾਨਾਂ ਦੇ ਵੱਡੇ ਸੰਘਰਸ਼ ਨੂੰ ਦੇਖਦਿਆਂ ਪੰਜਾਬ ਦੇ ਬਾਰਡਰ ਸੀਲ ਕੀਤੇ ਗਏ ਸਨ ਪਰੰਤੂ ਕਿਸਾਨਾਂ ਵੱਲੋਂ ਬਾਰਡਰਾਂ ਨੂੰ ਤੋੜਦੇ ਹੋਏ ਦਿੱਲੀ ਵੱਲ ਕੂਚ ਕਰ ਦਿੱਤਾ ਸੀ ਅਤੇ ਕਾਫੀ ਲੰਬਾ ਸਮਾਂ ਇਹ ਸੰਘਰਸ਼ ਚੱਲਿਆ ਸੀ। ਹੁਣ ਮੁੜ ਉਸੇ ਤਰ੍ਹਾਂ ਹੀ ਬਾਰਡਰ ਸੀਲ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਦੇ ਇਸ ਸੰਘਰਸ਼ ਨੂੰ ਰੋਕਣ ਵਿਚ ਸਫਲਤਾ ਪਾਈ ਜਾ ਸਕੇ।
ਇਹ ਵੀ ਪੜ੍ਹੋ : ਪ੍ਰੀਖਿਆਵਾਂ ਵਿਚ ਬੈਠਣ ਵਾਲੇ ਵਿਦਿਆਰਥੀਆਂ ਲਈ ਖ਼ਤਰੇ ਦੀ ਘੰਟੀ, ਇਹ ਨਿੱਕੀ ਜਿਹੀ ਗ਼ਲਤੀ ਪੈ ਸਕਦੀ ਹੈ ਭਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8