ਕਾਮਰੇਡਾਂ ਵੱਲੋਂ ਥਾਣੇ ਦਾ ਘਿਰਾਓ

Tuesday, Jun 20, 2017 - 08:01 AM (IST)

ਗੋਇੰਦਵਾਲ ਸਾਹਿਬ,  (ਬਲਦੇਵ, ਗੁਲਸ਼ੇਰ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਥਾਣਾ ਗੋਇੰਦਵਾਲ ਸਾਹਿਬ ਵਿਖੇ ਪੁਲਸ ਵਧੀਕੀਆਂ ਅਤੇ ਥਾਣੇ ਦੇ ਐੱਸ. ਐੱਚ. ਓ. ਵੱਲੋਂ ਮੋਹਤਬਰ ਵਿਅਕਤੀਆਂ ਅਤੇ ਜਨਤਕ ਆਗੂਆਂ ਨਾਲ ਦੁਰ-ਵਿਵਹਾਰ ਕਰਨ ਵਿਰੁੱਧ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲਾ ਪ੍ਰਧਾਨ ਸੁਲੱਖਣ ਸਿੰਘ ਤੁੜ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਰਮ ਸਿੰਘ ਫਤਿਆਬਾਦ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਬਲਦੇਵ ਸਿੰਘ ਭੈਲ, ਬਲਵਿੰਦਰ ਫੈਲੋਕੇ ਆਦਿ ਨੇ ਕੀਤੀ।
 ਇਕੱਠ ਨੂੰ ਸੰਬੋਧਨ ਕਰਦਿਆਂ ਆਰ. ਐੱਮ. ਪੀ. ਆਈ. ਦੇ ਜ਼ਿਲਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਇਹ ਵਾਅਦਾ ਕਰ ਕੇ ਸੱਤਾ ਵਿਚ ਆਈ ਹੈ ਕਿ ਥਾਣਿਆਂ ਦਾ ਸਿਆਸੀਕਰਨ ਬੰਦ ਕੀਤਾ ਜਾਵੇਗਾ, ਨਸ਼ਿਆਂ 'ਤੇ ਰੋਕ ਲਾਈ ਜਾਵੇਗੀ ਅਤੇ ਲੁੱਟਾਂ-ਖੋਹਾਂ ਬੰਦ ਕਰ ਕੇ ਅਮਨ ਕਾਨੂੰਨ ਦੀ ਰਾਖੀ ਕੀਤੀ ਜਾਵੇਗੀ ਪਰ ਇਥੇ ਉਲਟਾ ਵਾਪਰ ਰਿਹਾ ਹੈ। 
ਥਾਣੇ ਇਕ ਧਿਰ ਦੇ ਬਣਦੇ ਕੰਮ ਕਰ ਰਹੇ ਹਨ, ਨਸ਼ਿਆਂ ਦੇ ਕਾਰੋਬਾਰ ਵਿਚ ਵਾਧਾ ਹੋਇਆ ਹੈ, ਰੋਜ਼ਾਨਾ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਲੋਕਾਂ ਦੀ ਸ਼ਿਕਾਇਤਾਂ ਦਰਜ ਨਹੀਂ ਕੀਤੀਆਂ ਜਾਂਦੀਆਂ। 
ਉਲਟਾ ਲੋਕਾਂ ਦੀ ਮਦਦ ਲਈ ਆਏ ਪੰਚਾਂ, ਸਰਪੰਚਾਂ ਅਤੇ ਜਨਤਕ ਆਗੂਆਂ ਨੂੰ ਵੇਖਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਬੁਲਾਰੇ ਆਗੂਆਂ ਨੇ ਕਿਹਾ ਕਿ ਜੇ ਇਨਸਾਫ ਨਾ ਮਿਲਿਆ ਤਾਂ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਲੋੜ ਪੈਣ 'ਤੇ ਤਿਆਰੀ ਕਰ ਕੇ ਐੱਸ. ਐੱਸ. ਪੀ. ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। 
ਇਸ ਮੌਕੇ ਜਸਬੀਰ ਸਿੰਘ ਵੈਰੋਵਾਲ, ਇੰਦਰਜੀਤ ਸਿੰਘ, ਹਰਪਾਲ ਸਿੰਘ ਵੇਂਈਪੁਈਂ, ਰੇਸ਼ਮ ਸਿੰਘ ਫੈਲੋਕੇ, ਦਾਰਾ ਸਿੰਘ ਮੁੰਡਾਪਿੰਡ, ਦਿਲਬਾਗ ਸਿੰਘ ਫਤਿਹਾਬਾਦ, ਮਾ. ਸਰਬਜੀਤ ਸਿੰਘ ਭਰੋਵਾਲ, ਸਰਜੀਤ ਸਿੰਘ ਕੋਟ ਮੁਹੰਮਦ ਖਾਂ, ਨਰਿੰਦਰ ਸਿੰਘ, ਬਾਬਾ ਫਤਹਿ ਸਿੰਘ ਤੁੜ, ਰੂਪ ਸਿੰਘ ਧੂੰਦਾ, ਮੋਹਨ ਕੁਮਾਰ ਗੋਇੰਦਵਾਲ ਸਾਹਿਬ ਆਦਿ ਹਾਜ਼ਰ ਸਨ।


Related News